23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *

ਅਜੀਤ ਡੈਸਕ 01-03-2026

ਬੂਟਾ ਸਿੰਘ ਚੌਹਾਨ ਗ਼ਜ਼ਲਕਾਰ ਤਾਂ ਹੈ ਹੀ ਇਸ ਦੇ ਨਾਲ ਨਾਲ ਉਹ ਬਾਲ ਲੇਖਕ, ਕਹਾਣੀਕਾਰ ਤੇ ਅਨੁਵਾਦਕ ਵੀ ਹੈ। ਤਾਜੋਕੇ (ਬਰਨਾਲਾ) ਦੇ ਜੰਮਪਲ ਚੌਹਾਨ ਨੇ ਤੰਗੀਆਂ ਤੁਰਸ਼ੀਆਂ ਵੀ ਦੇਖੀਆਂ ਹਨ ਤੇ ਆਸਾਨੀਆਂ ਵੀ। ਮਿਹਨਤ ਨੇ ਉਸ ਨੂੰ ਸਾਹਿਤਕ ਖ਼ੇਤਰ ਵਿਚ ਪਹਿਚਾਣ ਦਿੱਤੀ ਤੇ ਸਿੱਖਿਆ ਦੇ ਖ਼ੇਤਰ ਵਿਚ ਉਸ ਦੀਆਂ ਸਨਦਾਂ ਦੀ ਗਿਣਤੀ ਵਿਚ ਵਾਧਾ ਕੀਤਾ ਹੈ। ਚੌਹਾਨ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਪੱਤਰਕਾਰੀ ਨੂੰ ਵੀ ਦਿੱਤਾ ਹੈ। ਉਸ ਦੀਆਂ ਮੌਲਿਕ ਤੇ ਫੁੱਟਕਲ ਕਿਤਾਬਾਂ ਦੀ ਗਿਣਤੀ ਦਰਜਨ ਤੋਂ ਉੱਤੇ ਹੈ। ਬਾਲ ਸਾਹਿਤ ਲੇਖਣ ਵਿਚ ਵੀ ਉਸ ਦੀ ਪਹਿਚਾਣ ਗੂੜ੍ਹੀ ਹੈ। ਬੂਟਾ ਸਿੰਘ ਚੌਹਾਨ ਪਾਠਕਾਂ ਨੂੰ ਇਕ ਗ਼ਜ਼ਲਕਾਰ ਦੇ ਤੌਰ 'ਤੇ ਵਧੇਰੇ ਪ੍ਰਵਾਨ ਹੋਇਆ ਹੈ। ਉਸ ਦੀਆਂ ਗ਼ਜ਼ਲਾਂ ਅਮਲਤਾਸ ਦੇ ਫੁੱਲਾਂ ਵਰਗੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸੁਹਾਵਣੇ ਮੌਸਮ ਰਾਸ ਨਹੀਂ ਆਉਂਦੇ। ਉਸ ਦੇ ਸ਼ਿਅਰ ਮਨੁੱਖੀ ਮਨ ਦੀਆਂ ਗੁੰਝਲਾਂ ਖੋਲ੍ਹਦੇ ਮਹਿਸੂਸ ਹੁੰਦੇ ਜਿਨ੍ਹਾਂ ਦੀ ਸ਼ਬਦਾਵਲੀ ਖ਼ੂਬਸੂਰਤੀ ਨਾਲ ਬੁਣੀ ਹੁੰਦੀ ਹੈ। ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ- -ਮੋਬਾਈਲ : 99884-44002


ਖ਼ੂਬਸੂਰਤ ਮੋੜ ਆਇਆ ਜ਼ਿੰਦਗੀ ਵਿਚ ਹੋਰ ਇਕ।
ਚੀਰ ਕੇ ਨ੍ਹੇਰਾ, ਮੇਰੇ ਵੱਲ ਆ ਰਹੀ ਲਿਸ਼ਕੋਰ ਇਕ।

ਮੇਰੀ ਥਾਵੇਂ ਹੋਰ ਕੋਈ ਛਣਕਦਾ ਹੈ ਜਾਂ ਨਹੀਂ,
ਪੁੱਛਦਾ ਝਾਂਜਰ ਤੇਰੀ ਦਾ ਟੁੱਟਿਆ ਮੈਂ ਬੋਰ ਇਕ।

ਨਾਲ ਦੀ ਪੈਲੀ ਦੀ ਕੀ ਹਿੰਮਤ ਸੀ ਪਾਣੀ ਜੀਰਦੀ,
ਖੇਤ ਦੀ ਵੱਟ ਜੇ ਨਾ ਹੁੰਦੀ ਅੰਦਰੋਂ ਕਮਜ਼ੋਰ ਇਕ।

ਵਾਧੇ ਘਾਟੇ ਜ਼ਿੰਦਗੀ ਦਾ ਅੰਗ ਨੇ ਤੇ ਰਹਿਣਗੇ,
ਕਰ ਜਤਨ ਤੇਰੀ ਰਹੇ ਹਰ ਦੌਰ ਦੇ ਵਿਚ ਤੋਰ ਇਕ।

ਕਾਹਦੀਆਂ ਗ਼ਜ਼ਲਾਂ ਇਹ ਕਾਹਦੇ ਰਾਗ ਇਹ ਕਾਹਦੇ ਨੇ ਤਾਲ,
ਮੇਰੀ ਰੂਹ 'ਚੋਂ ਵਿਲਕਦਾ ਹੈ ਖੰਭ ਹੀਣਾ ਮੋਰ ਇਕ।
*

 

*
ਚਾਰ-ਚੁਫੇਰੇ ਜਦ ਵੀ ਵੇਖਾਂ, ਸੋਚਾਂ ਤੇ ਘਬਰਾਵਾਂ।
ਪੱਥਰਾਂ ਦੇ ਵਿਚ ਵਸਦਾ-ਵਸਦਾ ਪੱਥਰ ਨਾ ਹੋ ਜਾਵਾਂ।

ਸਿੱਕਿਆਂ ਦੀ ਇਸ ਦੌੜ 'ਚ ਮੈਂ ਵੀ ਸ਼ਾਮਲ ਹੋ ਜਾਣਾ ਸੀ,
ਜੇ ਨਾ ਮੁੱਖ 'ਤੇ ਲਿਖਿਆ ਹੁੰਦਾ ਕਬਰਾਂ ਦਾ ਸਿਰਨਾਵਾਂ।

ਹਰ ਇਕ ਫੁੱਲ ਦੀ ਇੱਛਾ ਹੁੰਦੀ ਮਹਿਕਣ ਦੇ ਵੇਲੇ ਇਹ,
ਆਪਣੀਆਂ ਮਹਿਕਾਂ ਨੂੰ ਚੌਹੇਂ ਕੂਟਾਂ ਵਿਚ ਖਿੰਡਾਵਾਂ।

ਸੱਤ-ਬਿਗਾਨਾ ਲਗਦਾਂ ਯਾਰੋ, ਖ਼ੁਦ ਨੂੰ ਖ਼ੁਦ ਉਸ ਵੇਲੇ,
ਜਦ ਕਿਧਰੇ ਮਹਿਫ਼ਿਲ ਵਿਚ ਬਹਿ ਕੇ ਦੋ ਪਲ ਮੈਂ ਮੁਸਕਾਵਾਂ।

ਅੱਜ ਅਚਾਨਕ ਮੋਹ ਵਿਚ ਭਿੱਜਿਆ ਤੇਰਾ ਖ਼ਤ ਆਇਆ ਹੈ,
ਲੋਆਂ ਵਿਚ ਇਕ ਸੜਦੇ ਰੁੱਖ 'ਤੇ ਆਈਆਂ ਸੀਤ ਹਵਾਵਾਂ।

ਨੈਣਾਂ ਦੇ ਵਿਚ ਡੁੱਬਣ ਵਾਲੇ ਮਿਲਦੇ ਲੋਕ ਹਜ਼ਾਰਾਂ,
ਦਿਲ ਤਕ ਪੁੱਜਣ ਵਾਲਾ ਮਿਲਦਾ ਕੋਈ ਟਾਵਾਂ-ਟਾਂਵਾਂ।

ਪਿਛਲੀ ਖ਼ਬਰ ਅੱਜ ਬਰਸੀ 'ਤੇ ਯਾਦ ਕਰਦਿਆਂ ਗ਼ਜ਼ਲ ਅਗਲੀ ਖ਼ਬਰ ਕੁਦਰਤੀ ਰਿਸ਼ਤਿਆਂ ਦੀ ਚੀਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।