* ਰਾਜਿੰਦਰ ਪਰਦੇਸੀ *
ਰਸਤਿਆਂ ਦੀ ਧੂੜ ਨੂੰ ਵਾਕਿਫ਼ ਜਗ੍ਹਾ ਨੂੰ ਪਿਆਰ ਕੇ।
ਮੁੜ ਪਿਆ ਹਾਂ ਤੇਰੇ ਪਿੰਡ ਦੀ ਹਰ ਦਿਸ਼ਾ ਨੂੰ ਪਿਆਰ ਕੇ।
ਕੌਣ ਸਮਝਾਉਂਦਾ ਫਿਰੇ ਹੈ ਕੌਣ ਏਥੇ ਸਮਝਦਾ,
ਬੇ-ਵਫ਼ਾ ਦਿਲ ਹੋ ਗਿਆ ਉਸ ਬਾ-ਵਫ਼ਾ ਨੂੰ ਪਿਆਰ ਕੇ।
ਅੱਥਰੂ ਰੁਖ਼ਸਾਰ ਉੱਤੇ ਹੌਕਿਆਂ ਨੂੰ ਦਿਲ ਦੇ ਨਾਲ,
ਕੌਣ ਰੱਖਦਾ ਹੈ ਇਵੇਂ ਦੱਸ ਦੁਸ਼ਮਣਾਂ ਨੂੰ ਪਿਆਰ ਕੇ।
ਕੀ ਗ਼ਿਲਾ ਤੇਰੇ 'ਤੇ ਕਰੀਏ ਕਿਸ ਦਾ ਕੀ ਕੱਢੀਏ ਕਸੂਰ,
ਸਾਂਭਿਐ ਮੈਂ ਦੋਸਤਾਂ ਦੀ ਹਰ ਖ਼ਤਾ ਨੂੰ ਪਿਆਰ ਕੇ।
ਆਪਣੀ ਰੱਖੇ ਰਜ਼ਾ ਵਿਚ ਕੌਣ ਹੁੰਦਾ ਹੈ ਇਹ ਰੱਬ,
ਮੈਂ ਹਾਂ ਰਾਜ਼ੀ ਸੋਹਣਿਆ ਤੇਰੀ ਰਜ਼ਾ ਨੂੰ ਪਿਆਰ ਕੇ।
ਮੌਤ ਦੀ ਦਹਿਲੀਜ਼ 'ਤੇ ਬਹਿ ਪ੍ਰੀਤ ਦੇ ਗਾਏ ਮੈਂ ਗੀਤ,
ਤੇਰੀ ਖ਼ਾਤਿਰ ਤੇਰੇ ਪਿੰਡ ਦੀ ਹਰ ਬਲ਼ਾ ਨੂੰ ਪਿਆਰ ਕੇ।
ਵੰਨ-ਸੁਵੰਨੇ ਫੁੱਲ ਖਿੜੇ ਸਨ ਪਰ ਨ ਸੀ ਤੇਰਾ ਵਜੂਦ,
ਪਰਤਿਆ ਹਾਂ ਮਹਿਕ ਤੋਂ ਸੱਖਣੀ ਹਵਾ ਨੂੰ ਪਿਆਰ ਕੇ।
ਜਾਂ ਉਹ ਸ਼ਾਇਰ ਬਣ ਗਿਆ ਜਾਂ ਉਹ ਸ਼ੁਦਾਈ ਹੋ ਗਿਆ,
ਜਿਸ ਕਿਸੇ ਨੇ ਰੱਖਿਆ ਦਿਲ ਦੇ ਸ਼ੁਦਾ ਨੂੰ ਪਿਆਰ ਕੇ।
ਖ਼ੁਸ਼ ਰਹੇ 'ਪਰਦੇਸੀ' ਸੋਹਣੇ ਯਾਰ ਦਾ ਰੰਗਲਾ ਗਰਾਂ,
ਪੂਜ-ਆਇਆ ਹਾਂ ਮੁਹੱਬਤ ਦੀ ਚਿਤਾ ਨੂੰ ਪਿਆਰ ਕੇ।
-0-