ਕੱਲ੍ਹ ਮੈਂ ਆਰਾਮ ਨਾਲ ਬੈਠੀ ਆਪਣੇ ਟੀ.ਵੀ. 'ਤੇ ਫ਼ਿਲਮ ਵੇਖ ਰਹੀ ਸੀ। ਅਚਾਨਕ ਟੀ.ਵੀ. ਬੰਦ ਹੋ ਗਿਆ। ਮੈਂ ਫਟਾਫਟ ਕੁਰਸੀ ਤੋਂ ਉੱਠੀ ਤੇ ਟੀ.ਵੀ. ਕੋਲ ਪਹੁੰਚ ਗਈ। ਪਹਿਲਾਂ ਮੈਂ ਬਿਜਲੀ ਦੇ ਸਵਿੱਚ ਚੈੱਕ ਕੀਤੇ, ਜਿਨ੍ਹਾਂ ਵਿਚ ਟੀ.ਵੀ. ਦੀਆਂ ਤਾਰਾਂ ਲੱਗੀਆਂ ਹੋਈਆਂ ਸਨ, ਫਿਰ ਮੈਂ ਟੀ.ਵੀ. ਦਾ ਰਿਮੋਟ ਵੀ ਚੈੱਕ ਕੀਤਾ ਪਰ ਟੀ.ਵੀ. ਨਹੀਂ ਚੱਲਿਆ। ਇਹ ਪਤਾ ਲੱਗ ਗਿਆ ਕਿ ਨੁਕਸ ਟੀ.ਵੀ. ਵਿਚ ਹੀ ਹੈ। ਬਸ ਫਿਰ ਕੀ ਸੀ ਪੈ ਗਿਆ ਪੁਆੜਾ। ਰਾਤ ਕਾਫੀ ਹੋ ਚੁੱਕੀ ਸੀ ਤੇ ਟੀ.ਵੀ. ਮਕੈਨਿਕ ਦਾ ਆਉਣਾ ਮੁਮਕਿਨ ਨਹੀਂ ਸੀ। ਸਮਝ ਨਹੀਂ ਆ ਰਹੀ ਸੀ ਕਿ ਕੀ ਕਰਾਂ? ਉਸ ਵਕਤ ਮੈਨੂੰ ਮਹਿਸੂਸ ਹੋਇਆ ਕਿ ਬੁਢਾਪੇ ਵਿਚ ਮੈਂ ਦੂਜਾ ਵਿਆਹ ਕਰੀ ਬੈਠੀ ਹਾਂ ਤੇ ਉਹ ਵੀ ਆਪਣੇ ਟੀ.ਵੀ. ਨਾਲ। ਮੇਰਾ ਦੂਜਾ ਪਤੀ ਟੀ.ਵੀ. ਮੇਰਾ ਪਿਆਰਾ ਵੀ ਹੈ, ਦੁਲਾਰਾ ਵੀ ਹੈ, ਚੌਵੀ ਘੰਟੇ ਦਾ ਸਾਥੀ ਤੇ ਮੇਰੇ ਮਨੋਰੰਜਨ ਦਾ ਸਾਧਨ ਵੀ ਹੈ। ਮੇਰੀ ਮਰਜ਼ੀ ਨਾਲ ਹੀ ਬੋਲਦਾ ਹੈ ਅਤੇ ਮੇਰੀ ਮਰਜ਼ੀ ਨਾਲ ਹੀ ਚੁੱਪ ਹੋ ਜਾਂਦਾ ਹੈ।
ਫਿਰ ਮੈਂ ਸੋਚਾਂ ਵਿਚ ਪੈ ਗਈ। ਵਿਆਹ ਨੂੰ ਅਸੀਂ ਸਾਰੇ ਇਕ ਪਵਿੱਤਰ ਰਿਸ਼ਤਾ ਮੰਨਦੇ ਹਾਂ। ਜਨਮਾਂ-ਜਨਮਾਂ ਦਾ ਸਾਥ ਵੀ ਮੰਨਦੇ ਹਾਂ ਪਰ ਉਮਰ ਦੇ ਇਕ ਪੜਾਅ 'ਤੇ ਅਸੀਂ ਸਭ ਨੇ ਦੂਜਾ ਵਿਆਹ ਕੀਤਾ ਹੋਇਆ ਹੈ। ਕਿਸੇ ਨੇ ਟੀ.ਵੀ. ਨਾਲ, ਕਿਸੇ ਨੇ ਮੋਬਾਈਲ ਫੋਨ ਨਾਲ ਤੇ ਕਿਸੇ ਨੇ ਕੰਪਿਊਟਰ ਨਾਲ। ਸਾਡੀ ਜ਼ਿਆਦਾ ਉਮਰ ਤਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਹੀ ਬੀਤ ਜਾਂਦੀ ਹੈ। ਪਹਿਲਾਂ ਆਪ ਪੜ੍ਹੋ-ਲਿਖੋ ਤੇ ਵਿਆਹ ਕਰੋ, ਬੱਚੇ ਪੈਦਾ ਕਰੋ, ਉਨ੍ਹਾਂ ਦੀ ਪਰਵਰਿਸ਼ ਕਰੋ, ਪੜ੍ਹਾਓ-ਲਿਖਾਓ ਤੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਿਚ ਉਨ੍ਹਾਂ ਦੀ ਮਦਦ ਕਰੋ। ਜਦੋਂ ਅਸੀਂ ਇਨ੍ਹਾਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਂਦੇ ਹਾਂ ਤਾਂ ਫਿਰ ਦੂਜਾ ਵਿਆਹ ਕਰਵਾ ਲੈਂਦੇ ਹਾਂ। ਤੁਸੀਂ ਆਪ ਹੀ ਸੋਚੋ ਜੇਕਰ ਪਤੀ ਜਾਂ ਪਤਨੀ ਘਰ ਆਉਣ ਵਿਚ ਲੇਟ ਹੋ ਜਾਵੇ ਤਾਂ ਬਹੁਤਾ ਫਰਕ ਨਹੀਂ ਪੈਂਦਾ, ਪਰ ਜੇ ਟੀ.ਵੀ. ਖਰਾਬ ਹੋ ਜਾਵੇ ਜਾਂ ਮੋਬਾਈਲ ਫੋਨ ਗੁਆਚ ਜਾਵੇ ਜਾਂ ਫਿਰ ਕੰਪਿਊਟਰ ਖਰਾਬ ਹੋ ਜਾਵੇ ਤਾਂ ਤੂਫਾਨ ਆ ਜਾਂਦਾ ਹੈ।
ਇਕ ਅਜਿਹਾ ਹੀ ਸਮਾਂ ਸੀ ਜਦੋਂ ਟੀ.ਵੀ. ਨਵੇਂ-ਨਵੇਂ ਆਏ ਸੀ। ਮੁਹੱਲੇ ਜਾਂ ਕਾਲੋਨੀ ਵਿਚ ਕਿਸੇ ਵਿਰਲੇ ਘਰ ਵਿਚ ਹੀ ਹੁੰਦਾ ਸੀ। ਆਮ ਤੌਰ 'ਤੇ ਲੋਕਾਂ ਦੇ ਘਰਾਂ ਵਿਚ ਰੇਡੀਓ ਹੀ ਹੁੰਦੇ ਸਨ ਪਰ ਟੀ.ਵੀ. ਵਾਲਾ ਘਰ ਤਾਂ ਬਾਕੀ ਘਰਾਂ ਤੋਂ ਅੱਗੇ ਨਿਕਲ ਜਾਂਦਾ ਸੀ। ਸ਼ਾਮ ਪੈਂਦਿਆਂ ਹੀ ਆਲੇ-ਦੁਆਲੇ ਦੇ ਗੁਆਂਢੀ ਟੀ.ਵੀ. ਦਾ ਪ੍ਰੋਗਰਾਮ ਵੇਖਣ ਲਈ ਪਹੁੰਚ ਜਾਂਦੇ ਸਨ। ਕਈ ਵਾਰੀ ਤਾਂ ਘਰ ਦੀ ਗ੍ਰਹਿਣੀ ਨੂੰ ਸਭ ਦੇ ਲਈ ਚਾਹ ਵੀ ਬਣਾਉਣੀ ਪੈ ਜਾਂਦੀ ਸੀ। ਫਿਰ ਆ ਗਏ ਰੰਗੀਨ ਟੀ.ਵੀ., ਰੰਗੀਨ ਟੀ.ਵੀ. ਰੱਖਣ ਵਾਲਾ ਤਾਂ ਵੀ.ਆਈ.ਪੀ. ਹੀ ਬਣ ਜਾਂਦਾ ਸੀ। ਉਨ੍ਹਾਂ ਦਿਨਾਂ ਵਿਚ ਪ੍ਰੋਗਰਾਮ ਵੀ ਗਿਣੇ-ਚੁਣੇ ਹੀ ਹੁੰਦੇ ਸਨ। ਜਿਵੇਂ ਰਾਮਾਇਣ, ਡਿਸਕਵਰੀ ਆਫ਼ ਇੰਡੀਆ ਤੇ ਬੁਨਿਆਦ ਆਦਿ। ਅੱਜਕਲ੍ਹ ਤਾਂ ਪ੍ਰੋਗਰਾਮਾਂ ਅਤੇ ਚੈਨਲਾਂ ਦਾ ਕੋਈ ਅੰਤ ਹੀ ਨਹੀਂ। ਪਤਾ ਨਹੀਂ ਲਗਦਾ ਕੀ ਵੇਖੀਏ ਤੇ ਕੀ ਨਾ ਵੇਖੀਏ। ਅੱਜਕਲ੍ਹ ਵੈਸੇ ਵੀ ਹਾਲਾਤ ਬਿਲਕੁਲ ਬਦਲ ਗਏ ਹਨ। ਗ਼ਰੀਬ ਤੋਂ ਗ਼ਰੀਬ ਬੰਦਾ ਵੀ ਘਰ ਵਿਚ ਟੀ.ਵੀ. ਰੱਖਦਾ ਹੈ। ਭਾਵੇਂ ਮੰਜੇ ਤੇ ਕੁਰਸੀਆਂ ਹੋਣ ਜਾਂ ਨਾ ਹੋਣ।
ਅਮੀਰ ਘਰਾਂ ਵਿਚ ਤਾਂ ਹਰ ਕਮਰੇ ਵਿਚ ਵੱਖਰਾ ਟੀ.ਵੀ. ਰੱਖਿਆ ਮਿਲੇਗਾ, ਕਿਉਂਕਿ ਹਰ ਇਕ ਨੇ ਵੱਖਰਾ ਤੇ ਆਪਣੀ ਮਨਮਰਜ਼ੀ ਦਾ ਪ੍ਰੋਗਰਾਮ ਵੇਖਣਾ ਹੁੰਦਾ ਹੈ।
ਚਲੋ ਹੁਣ ਮੋਬਾਈਲਾਂ ਵੱਲ ਨਜ਼ਰ ਮਾਰੀਏ। ਮੋਬਾਈਲ ਨਾਲ ਤਾਂ ਕਿਸੇ ਵੀ ਉਮਰ ਵਿਚ ਦੂਜਾ ਵਿਆਹ ਕਰ ਲਿਆ ਜਾਂਦਾ ਹੈ। ਛੇ-ਸੱਤ ਸਾਲ ਦੇ ਬੱਚਿਆਂ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਮੋਬਾਈਲ ਨਾਲ ਚਿਮੜੇ ਹੋਏ ਨਜ਼ਰ ਆਉਂਦੇ ਹਨ। ਜੇਕਰ ਗ਼ਲਤੀ ਨਾਲ ਬਾਹਰ ਜਾਣ ਵਕਤ ਫੋਨ ਘਰ ਰਹਿ ਜਾਵੇ ਤਾਂ ਇੰਜ ਲਗਦਾ ਹੈ ਕਿ ਸਰੀਰ ਦਾ ਕੋਈ ਅੰਗ ਘਰ ਛੱਡ ਆਏ ਹਾਂ। ਟੀ.ਵੀ. ਦਾ ਸਾਥ ਤਾਂ ਘਰ ਵਿਚ ਹੀ ਮਿਲਦਾ ਹੈ। ਪਰ ਮੋਬਾਈਲ ਤਾਂ ਚੌਵੀ ਘੰਟੇ ਸਾਡੇ ਨਾਲ ਹੁੰਦਾ ਹੈ ਭਾਵੇਂ ਹੱਥ ਵਿਚ ਹੋਵੇ ਜਾਂ ਜੇਬ ਵਿਚ ਹੋਵੇ ਜਾਂ ਫਿਰ ਲੱਕ ਨਾਲ ਲਟਕਿਆ ਹੋਵੇ ਪਰ ਨਾਲ ਹੀ ਰਹਿੰਦਾ ਹੈ। ਫੋਨ ਦੇ ਜ਼ਰੀਏ ਅਸੀਂ ਘਰ ਬੈਠੇ-ਬੈਠੇ ਹੀ ਆਪਣੇ ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਗੱਪਸ਼ਪ ਮਾਰ ਲੈਂਦੇ ਹਾਂ ਤੇ ਉਨ੍ਹਾਂ ਦੀਆਂ ਸ਼ਕਲਾਂ ਵੀ ਵੇਖ ਲੈਂਦੇ ਹਾਂ।
ਟੀ.ਵੀ. ਦੀ ਤਰ੍ਹਾਂ ਇਹ ਵੀ ਮਨੋਰੰਜਨ ਦਾ ਸਾਧਨ ਬਣ ਗਿਆ ਹੈ। ਫੋਨ ਗੁਆਚ ਜਾਵੇ ਤਾਂ ਵੀ ਘਰ ਵਿਚ ਘਮਸਾਨ ਮਚ ਜਾਂਦਾ ਹੈ। ਘਰ ਦਾ ਕੋਨਾ-ਕੋਨਾ ਛਾਣਿਆ ਜਾਂਦਾ ਹੈ। ਜੇਕਰ ਖਰਾਬ ਹੋ ਜਾਵੇ ਤਾਂ ਡਰ ਲਗਦਾ ਹੈ ਕਿਤੇ ਆਈ.ਸੀ.ਯੂ. ਵਿਚ ਨਾ ਪਹੁੰਚ ਜਾਵੇ।
ਕੰਪਿਊਟਰ ਬਾਰੇ ਮੇਰਾ ਨਿੱਜੀ ਤਜਰਬਾ ਬਹੁਤ ਘੱਟ ਹੈ ਪਰ ਇਹ ਪਤਾ ਹੈ ਕਿ ਜਿਸ ਦੇ ਸਾਹਮਣੇ ਕੰਪਿਊਟਰ ਹੋਵੇ ਉਹ ਵੀ ਕਿਸੇ ਨਾਲ ਗੱਲ ਕਰ ਕੇ ਰਾਜ਼ੀ ਨਹੀਂ ਹੁੰਦਾ।
ਪਰ ਇਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਇਹ ਦੂਜੇ ਵਿਆਹ ਬਿਲਕੁਲ ਗ਼ਲਤ ਨਹੀਂ। ਇਨ੍ਹਾਂ 'ਤੇ ਕੋਈ ਵੀ ਸਮਾਜਿਕ, ਧਾਰਮਿਕ ਜਾਂ ਜਾਤ-ਪਾਤ ਦਾ ਬੰਧਨ ਨਹੀਂ ਹੈ।
ਜਿਸ ਦੂਜੇ ਵਿਆਹ ਦੀ ਮੈਂ ਗੱਲ ਕਰ ਰਹੀ ਹਾਂ, ਉਸ ਲਈ ਪਹਿਲਾਂ ਪਤੀ ਜਾਂ ਪਤਨੀ ਨੂੰ ਛੱਡਣਾ ਨਹੀਂ ਪੈਂਦਾ ਤੇ ਨਾਲ ਹੀ ਦੂਜਾ ਪਤੀ ਜਾਂ ਪਤਨੀ ਵੀ ਮਿਲ ਜਾਂਦੀ ਹੈ। ਮੇਰਾ ਸੁਝਾਅ ਤਾਂ ਇਹ ਵੀ ਹੈ ਕਿ ਜੇਕਰ ਬੱਚੇ ਵਧੀਆ ਕਮਾਈ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਆਪਣੇ ਮਾਂ-ਬਾਪ ਦੇ ਦੂਜੇ ਵਿਆਹ ਲਈ ਮਦਦ ਕਰਨੀ ਚਾਹੀਦੀ ਹੈ। ਮਾਂ-ਬਾਪ ਨੂੰ ਵਧੀਆ ਟੀ.ਵੀ. ਤੇ ਫੋਨ ਲੈ ਕੇ ਦੇਣਾ ਚਾਹੀਦਾ ਹੈ, ਤਾਂ ਜੋ ਉਹ ਆਪਣਾ ਸਮਾਂ ਮਜ਼ੇ ਨਾਲ ਬਿਤਾ ਸਕਣ। ਪਹਿਲੇ ਸਾਥੀ ਦੇ ਨਾਲ ਜੇਕਰ ਨਵੇਂ ਸਾਥੀ ਵੀ ਮਿਲ ਜਾਣ ਤਾਂ ਹੋਰ ਕੀ ਚਾਹੀਦਾ ਹੈ।
-ਗੁਰੂ ਦਿਆਲ ਨਿਵਾਸ, ਕਰਤਾਰਪੁਰ, ਰਵਾਸ ਬ੍ਰਾਹਮਣਾਂ, ਡਾ: ਸੂਲਰ, ਪਟਿਆਲਾ।
ਮੋਬਾਈਲ : 95015-31277.