22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਅੱਗ ਤੇ ਧੂੰਆਂ

ਅਜੀਤ ਡੈਸਕ 01-03-2026

ਜਾਗਰ ਤੇ ਉਹਦਾ ਪਿਓ ਜਗਤਾਰਾ ਮੇਲਿਆਂ ਵਿਚ ਜਾ ਕੇ ਮੂੰਹ ਵਿਚੋਂ ਅੱਗ ਕੱਢਣ ਦੇ ਕਰਤੱਬ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਸਨ। ਇਹ ਉਨ੍ਹਾਂ ਦਾ ਪਿਤਾ ਪੁਰਖੀ ਕਿੱਤਾ ਸੀ। ਭਲੇ ਸਮਿਆਂ ਵਿਚ ਜਦੋਂ ਉਹ ਭਰੇ ਮੇਲਿਆਂ ਵਿਚ ਇੰਜ ਕਰਦੇ ਤਾਂ ਲੋਕ ਉਨ੍ਹਾਂ ਦੀ ਬਹੁਤ ਵਾਹ-ਵਾਹ ਕਰਦੇ। ਸਮਾਂ ਬਦਲਣ ਨਾਲ ਜਦੋਂ ਇਨ੍ਹਾਂ ਮਨੋਰੰਜਨ ਦੇ ਸਾਧਨਾਂ ਵਿਚ ਲੋਕਾਂ ਦੀ ਦਿਲਚਸਪੀ ਨਾ ਰਹੀ ਤਾਂ ਉਨ੍ਹਾਂ ਦਾ ਕੰਮ ਬਹੁਤ ਘੱਟ ਗਿਆ। ਜਾਗਰ ਤੇ ਜਗਤਾਰੇ ਦੀ ਆਪਸ ਵਿਚ ਭਾਵੇਂ ਘੱਟ ਬਣਦੀ ਸੀ। ਪਰ ਅੱਗ ਕੱਟਣ ਦੀ ਖੇਡ ਵਿਚ ਦੋਵੇਂ ਇਕ-ਦੂਜੇ ਦੇ ਉਸਤਾਦ ਸਨ। ਜਾਗਰ ਦੇ ਚਾਰ ਪੁੱਤਰ ਹੀ ਸਨ। ਧੀ ਕੋਈ ਨਹੀਂ ਸੀ। ਨਿੱਕੇ ਜਿਹੇ ਘਰ ਵਿਚ ਜਦੋਂ ਜਾਗਰ ਤੇ ਜਗਤਾਰਾ ਮੂੰਹ ਵਿਚੋਂ ਅੱਗ ਕੱਢਣ ਦਾ ਅਭਿਆਸ ਕਰਦੇ ਤਾਂ ਨਿੱਕੇ ਨਿਆਣੇ ਬੜਾ ਡਰਦੇ। ਜਾਗਰ ਦੀ ਮਾਂ ਰੱਜੋ ਬੜੀ ਨੇਕ ਔਰਤ ਸੀ। ਉਹ ਪਿਓ ਪੁੱਤਾਂ ਨੂੰ ਅਕਸਰ ਟੋਕਦੀ ਰਹਿੰਦੀ ਕਿ ਇਹ ਅੱਗ ਕੱਢਣ ਵਾਲਾ ਕੰਮ ਨਾ ਕਰੋ। ਬੱਚੇ ਵੀ ਡਰਦੇ ਹਨ। ਅੱਗ ਤੋਂ ਪਹਿਲਾਂ ਹੋਣ ਵਾਲੇ ਧੂੰਏ ਨਾਲ ਨੂੰਹ ਦਾ ਵੀ ਦਮ ਘੁਟਦਾ ਹੈ। ਪਰ ਉਨ੍ਹਾਂ ਦੋਵਾਂ 'ਤੇ ਕੋਈ ਅਸਰ ਨਾ ਹੁੰਦਾ। ਦੋਵੇਂ ਅੱਡੋ ਅੱਡ ਧਾਰਮਿਕ ਸਥਾਨਾਂ 'ਤੇ ਹੋਣ ਵਾਲੇ ਮੇਲਿਆਂ ਵਿਚ ਜਾਂਦੇ ਤੇ ਆਪਣੇ ਕਰਤਬ ਵਿਖਾਉਂਦੇ, ਲੋਕਾਂ ਦੀ ਵਾਹ ਵਾਹ ਖੱਟਦੇ। ਇਸ ਵਾਹ ਵਾਹ ਨਾਲ ਉਨ੍ਹਾਂ ਨੂੰ ਆਪਣਾ ਕੱਦ ਗਿੱਠ-ਗਿੱਠ ਉੱਚਾ ਹੋਇਆ ਜਾਪਦਾ। ਸਮਾਂ ਬੀਤਣ ਨਾਲ ਰੱਜੋ ਰੱਬ ਨੂੰ ਪਿਆਰੀ ਹੋ ਗਈ। ਕੁਝ ਸਾਲ ਬੀਤਣ ਬਾਅਦ ਜਗਤਾਰਾ ਵੀ ਚੱਲ ਵਸਿਆ। ਹੁਣ ਤੱਕ ਜਾਗਰ ਦੀ ਪਤਨੀ ਬੀਰੋ ਦਮੇ ਦੀ ਮਰੀਜ਼ ਬਣ ਚੁੱਕੀ ਸੀ। ਜਦੋਂ ਕਿਤੇ ਉਸ ਨੂੰ ਆਪਣਾ ਬਹੁਤਾ ਸਾਹ ਘੁੱਟਦਾ ਜਾਪਦਾ ਤਾਂ ਕੁਝ ਦਿਨ ਲਈ ਆਪਣੇ ਪੇਕੇ ਚਲੀ ਜਾਂਦੀ। ਜਾਗਰ ਉਸ ਦੇ ਇਲਾਜ ਵਿਚ ਕੋਈ ਕਸਰ ਬਾਕੀ ਨਾ ਛੱਡਦਾ। ਉਸ ਨੂੰ ਲੈ ਕਦੇ ਕਿਸੇ ਡਾਕਟਰ ਕੋਲ ਜਾਂਦਾ ਕਦੇ ਕਿਸੇ ਕੋਲ। ਉਹ ਦੋ ਚਾਰ ਦਿਨ ਠੀਕ ਰਹਿੰਦੀ ਤੇ ਫਿਰ ਦੁਬਾਰਾ ਮੰਜਾ ਮੱਲ ਲੈਂਦੀ। ਜਾਗਰ ਆਪਣੇ ਅਭਿਆਸ ਵਿਚ ਕਦੀ ਵੀ ਨਾ ਖੁੰਝਦਾ। ਆਪਣੇ ਮੂੰਹੋਂ ਅੱਗ ਤੇ ਧੂੰਆਂ ਕੱਢਣਾ ਉਸ ਨੂੰ ਬਹੁਤ ਪ੍ਰਸੰਨਤਾ ਦਿੰਦਾ। ਚਾਰੇ ਮੁੰਡੇ ਵੀ ਹੁਣ ਵੱਡੇ ਹੋ ਗਏ ਸਨ। ਵਿਆਹੇ ਵੀ ਗਏ ਸਨ। ਉਨ੍ਹਾਂ ਨੇ ਵੀ ਆਪਣੇ ਪਿਓ ਵਾਲਾ ਕਿੱਤਾ ਸੰਭਾਲ ਲਿਆ ਸੀ। ਬੇਸ਼ਕ ਇਹ ਕਿੱਤਾ ਹੁਣ ਬਹੁਤਾ ਮੁਨਾਫੇਦਾਰ ਨਹੀਂ ਰਿਹਾ ਸੀ। ਉਨ੍ਹਾਂ ਨੂੰ ਵੀ ਜਦੋਂ ਮੌਕਾ ਮਿਲਦਾ, ਉਹ ਵੀ ਅੱਗ ਨਾਲ ਖੂਬ ਤਮਾਸ਼ੇ ਕਰਦੇ। ਜਾਗਰ ਦੀ ਪਤਨੀ ਬਥੇਰਾ ਰੌਲਾ ਪਾਉਂਦੀ। ਇਹ ਕੰਮ ਬਾਹਰ ਮੇਲਿਆਂ ਤੇ ਕਰਿਆ ਕਰੋ। ਕਿਸੇ ਦਿਨ ਸਾਰਾ ਘਰ ਸਾੜ ਲਵੋਗੇ। ਖੰਘ-ਖੰਘ ਕੇ ਬੀਰੋ ਦਾ ਸਾਹ ਉਖੜ ਜਾਂਦਾ ਪਰ ਜਾਗਰ ਤੇ ਉਸ ਤੇ ਮੁੰਡਿਆਂ ਦੇ ਕੰਨ ਜੂੰ ਨਾ ਸਰਕਦੀ। ਸਾਰਾ ਘਰ ਧੂੰਏ ਦਾ ਚੈਂਬਰ ਬਣਿਆ ਰਹਿੰਦਾ। ਅਖੀਰ ਇਕ ਦਿਨ ਬੀਰੋ ਵੀ ਦਮੇ ਦੇ ਦੌਰੇ ਨਾਲ ਇਸ ਜਹਾਨ ਨੂੰ ਤੁਰ ਗਈ। ਹੁਣ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ ਰਿਹਾ। ਸਾਰਾ ਦਿਨ ਚਾਰੇ ਮੁੰਡੇ ਤੇ ਜਾਗਰ ਅੱਗ ਨਾਲ ਵਨ-ਸੁਵੰਨੇ ਕਰਤਬ ਦਿਖਾਉਂਦੇ ਹੋਏ ਇਕ-ਦੂਜੇ ਤੋਂ ਅੱਗੇ ਵਧਣ ਦੀ ਮੁਕਾਬਲੇਬਾਜ਼ੀ ਵਿਚ ਲੱਗੇ ਰਹਿੰਦੇ। ਜਾਗਰ ਦੀ ਵੱਡੀ ਨੂੰਹ ਕੁਝ ਸਿਆਣੀ ਸੀ। ਉਸ ਨੇ ਆਪਣੀ ਸਮੱਸਿਆ ਦਾ ਹੱਲ ਲੱਭ ਲਿਆ। ਹੁਣ ਜਦੋਂ ਵੀ ਉਸ ਨੂੰ ਆਪਣਾ ਸਾਹ ਜਿਆਦਾ ਘੁੱਟਦਾ ਮਹਿਸੂਸ ਹੁੰਦਾ ਤਾਂ ਉਹ ਬਾਬੇ ਦੇ ਡੇਰੇ 'ਤੇ ਸੇਵਾ ਕਰਨ ਦੇ ਬਹਾਨੇ ਪਹੁੰਚ ਜਾਂਦੀ। ਇਸ ਤਰ੍ਹਾਂ ਕੁਝ ਚਿਰ ਉਸ ਦਾ ਸਾਹ ਸੌਖਾ ਹੋ ਜਾਂਦਾ। ਛੋਟੀਆਂ ਨੂੰਹਾਂ ਵਿਚਾਰੀਆਂ ਘਰ ਕੰਮ ਕਾਰ ਕਰਦੀਆਂ ਰਹਿੰਦੀਆਂ ਤੇ ਖੰਘ ਦੀਆਂ ਰਹਿੰਦੀਆਂ। ਹੌਲੀ-ਹੌਲੀ ਤਿੰਨੇ ਨੂੰਹਾਂ ਵੀ ਦਮੇ ਦੀਆਂ ਮਰੀਜ਼ ਬਣ ਗਈਆਂ। ਮੁੰਡੇ ਉਨ੍ਹਾਂ ਨੂੰ ਨਿੱਤ ਨਵੇਂ ਡਾਕਟਰਾਂ ਕੋਲ ਲੈ ਕੇ ਜਾਂਦੇ ਤੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ। ਜਦੋਂ ਕਿਧਰੇ ਧੂੰਏਂ ਵਿਚ ਉਨ੍ਹਾਂ ਦਾ ਸਾਹ ਜ਼ਿਆਦਾ ਘੁਟਦਾ ਤਾਂ ਉਹ ਆਪਣੇ ਪਤੀਆਂ ਨੂੰ ਕਹਿੰਦੀਆਂ ਤੁਸੀਂ ਇਹ ਅੱਗ ਕੱਢਣ ਵਾਲਾ ਕੰਮ ਛੱਡ ਕਿਉਂ ਨਹੀਂ ਦਿੰਦੇ? ਮੁੰਡੇ ਆਖਦੇ ਤੁਸੀਂ ਫਿਕਰ ਨਾ ਕਰੋ, ਸਾਨੂੰ ਸਾਡਾ ਕੰਮ ਕਰਨ ਦਿਓ ਜੇ ਤੁਹਾਨੂੰ ਅੱਗ ਜਾਂ ਧੂੰਏਂ ਤੋਂ ਡਰ ਲੱਗਦਾ ਹੈ, ਤਾਂ ਤੁਸੀਂ ਮੂੰਹ ਪਾਸੇ ਕਰ ਲਿਆ ਕਰੋ। ਅਸੀਂ ਕਿਹੜਾ ਤੁਹਾਨੂੰ ਕੁਝ ਕਹਿੰਦੇ ਹਾਂ। ਸਭ ਕੁਝ ਤਾਂ ਮਿਲਦਾ ਹੈ ਤੁਹਾਨੂੰ ਖਾਣ-ਪੀਣ, ਪਹਿਨਣ ਲਈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਬਸ ਤੁਸੀਂ ਟੈਨਸ਼ਨ ਨਾ ਲਿਆ ਕਰੋ। ਉਹ ਤਿੰਨੋਂ ਇਹ ਗੱਲਾਂ ਸੁਣ ਕੇ ਚੁੱਪ ਕਰ ਰਹਿੰਦੀਆਂ ਤੇ ਆਪਣੇ ਤੋ ਧੁਆਂਖੇ ਮੂੰਹ ਲੈ ਕੇ ਦਮੇ ਤੇ ਦਿਮਾਗ ਦੇ ਡਾਕਟਰਾਂ ਦੇ ਚੱਕਰ ਕੱਟਦੀਆਂ ਰਹਿੰਦੀਆਂ। ਉਮਰਾਂ ਤੋਂ ਪਹਿਲਾਂ ਹੀ ਬੁੱਢੀਆਂ ਹੋ ਗਈਆਂ ਦੇ ਚਿਹਰੇ ਵੀ ਹੁਣ ਧੁਆਂਖੇ ਗਏ ਸਨ। ਜਾਗਰ ਨੂੰ ਆਪਣੇ ਘਰ ਰੌਲਾ-ਰੱਪਾ ਬਿਲਕੁਲ ਵੀ ਪਸੰਦ ਨਹੀਂ ਸੀ। ਕਈ ਵਾਰ ਤਾਂ ਘਰ ਦੀ ਘੜੀ ਦੀ ਟਿਕ-ਟਿਕ ਦਿਨੇ ਹੀ ਬਹੁਤ ਸਾਫ ਸੁਣਦੀ। ਕੋਈ ਉੱਚਾ ਨਾ ਬੋਲਦਾ। ਸੰਗ ਮਰਮਰੀ ਕੰਧਾਂ ਨਾਲ ਲੱਗੀਆਂ ਰੱਜੋ ਤੇ ਬੀਰੋ ਦੀਆਂ ਫੋਟੋਆਂ ਵੀ ਨਿਮਾਣੇ ਜਿਹੇ ਮੂੰਹ ਬਣਾ ਕੇ ਵੇਖਦੀਆਂ ਰਹਿੰਦੀਆਂ। ਰਾਤ ਨੂੰ ਦੂਰ ਕਿਸੇ ਘਰੋਂ ਜਾਗੂ ਦੀਆਂ ਬੋਲੀਆਂ ਤੇ ਹਾਸੇ ਦੀ ਛਣਕਾਟ ਸੁਣਾਈ ਦੇ ਰਹੀ ਸੀ। ਛੋਟੀ ਨੂੰਹ ਦਾ ਕੱਲ ਨੂੰ ਨਵੇਂ ਨਿਊਰੋ ਵਾਲੇ ਡਾਕਟਰ ਕੋਲ ਚੈੱਕਅਪ ਕਰਾਉਣ ਜਾਣਾ ਸੀ, ਜੋ ਕਿਸੇ ਦੂਜੇ ਜ਼ਿਲ੍ਹੇ ਵਿਚ ਸੀ। ਇਸ ਕਾਰਨ ਜਾਗਰ ਸਾਰੇ ਪਰਿਵਾਰ ਨੂੰ ਜਲਦੀ ਸੌਣ ਲਈ ਕਹਿ ਰਿਹਾ ਸੀ। ਜਾਗੋ ਦੀਆਂ ਬੋਲੀਆਂ ਤੇ ਹਾਸੇ ਅਜੇ ਵੀ ਸੁਣਾਈ ਦੇ ਰਹੇ ਸਨ।

-ਮੋਬਾਈਲ : 90233-62958

ਪਿਛਲੀ ਖ਼ਬਰ ਵਿਚਾਰੀ ਗ਼ਜ਼ਲ 'ਤੇ ਆਰੋਪ ਨਾ ਲਗਾਓ ਅਗਲੀ ਖ਼ਬਰ ਕਿੱਸੇ ਦੂਜੇ ਵਿਆਹ ਦੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।