ਇਕ ਵਾਰੀ ਇਕ ਆਲ ਇੰਡੀਆ ਉਰਦੂ ਮੁਸ਼ਾਇਰਾ ਸੀਤਾਪੁਰ ਵਿਖੇ ਹੋਇਆ, ਜਿਸ ਦਾ ਸੰਚਾਲਨ ਜਨਾਬ ਕੁੰਵਰ ਮਹਿੰਦਰ ਸਿੰਘ ਬੇਦੀ ਕਰ ਰਹੇ ਸਨ। ਇਸ ਮੁਸ਼ਾਇਰੇ ਵਿਚ ਇਕ ਬਹੁਤ ਸੋਹਣੀ, ਜਵਾਨ ਕਵਿੱਤਰੀ ਆਪਣੇ ਹੁਸਨ ਅਤੇ ਮਿੱਠੀ ਆਵਾਜ਼ ਦੀ ਬਦੌਲਤ ਸ਼ਾਮਿਲ ਹੋ ਗਈ ਸੀ। ਜਦੋਂ ਉਸ ਹੁਸਨਪਰੀ ਨੂੰ ਬੁਲਾਇਆ ਗਿਆ ਤਾਂ ਉਸ ਨੇ ਤਰੁਨਮ ਵਿਚ ਗ਼ਜ਼ਲ ਪੇਸ਼ ਕੀਤੀ, ਸਾਰੇ ਸਰੋਤੇ ਸੁਣ ਕੇ ਵਾਹ-ਵਾਹ ਕਰਨ ਲੱਗ ਪਏ। ਗ਼ਜ਼ਲ ਤਾਂ ਚੰਗੀ ਸੀ ਐਪਰ ਉਰਦੂ ਜ਼ਬਾਨ ਦੇ ਸ਼ਬਦਾਂ ਦਾ ਠੀਕ ਉਚਾਰਨ ਨਾ ਹੋਣ ਕਰਕੇ ਕਈ ਗ਼ਲਤੀਆਂ ਸਾਹਮਣੇ ਆ ਗਈਆਂ। ਸੰਚਾਲਨ ਕਰ ਰਹੇ ਕੁੰਵਰ ਮਹਿੰਦਰ ਸਿੰਘ ਬੇਦੀ ਤਾੜ ਗਏ ਕਿ ਔਰਤ ਵਲੋਂ ਪੇਸ਼ ਕੀਤੀ ਗਈ ਗ਼ਜ਼ਲ ਕਿਸੇ ਹੋਰ ਦੀ ਲਿਖੀ ਹੋਈ ਹੈ ਅਤੇ ਜਦੋਂ ਉਹ ਔਰਤ ਫਿਰ ਆਪਣੀ ਥਾਂ 'ਤੇ ਆ ਬੈਠੀ। ਉਸ ਦੇ ਲਾਗੇ ਬੈਠੇ ਇਕ ਸ਼ਾਇਰ ਨੇ ਉਨ੍ਹਾਂ ਨੂੰ ਕਿਹਾ, 'ਬੀਬੀ ਆਪਦੀ ਗ਼ਜ਼ਲ ਨੇ ਤਾਂ ਮੁਸ਼ਾਇਰਾ ਲੁੱਟ ਲਿਆ।' ਇਹ ਸੁਣ ਕੇ ਕੁੰਵਰ ਮਹਿੰਦਰ ਸਿੰਘ ਬੇਦੀ ਜੀ ਨੇ ਕਿਹਾ, 'ਇੰਜ ਆਖ ਪਿਆਰੇ ਸ਼ਾਇਰਾ ਕਿ ਬੀਬੀ ਨੇ ਮੁਸ਼ਾਇਰਾ ਲੁੱਟ ਲਿਆ ਵਿਚਾਰੀ ਗ਼ਜ਼ਲ 'ਤੇ ਆਰੋਪ ਨਾ ਲਗਾਓ।'
-ਮੋਬਾਈਲ : 94170-91668