ਏਸ਼ੀਅਨ ਗੇਮਜ਼ 2023 ’ਚ ਭਾਰਤ ਨੂੰ ਸ਼ੂਟਿੰਗ ’ਚ ਮਿਲਿਆ ਪਹਿਲਾ ਗੋਲਡ

ਹਾਂਗਝਾਓ,25 ਸਤੰਬਰ- ਏਸ਼ੀਆਈ ਖੇਡਾਂ 2023 ਵਿਚ ਸ਼ੂਟਿੰਗ ਟੀਮ ਨੇ ਪਹਿਲਾ ਸੋਨ ਤਮਗਾ ਭਾਰਤ ਦੇ ਨਾਂਅ ਕੀਤਾ। ਦੇਸ਼ ਨੂੰ ਏਸ਼ੀਆਈ ਖੇਡਾਂ ਦੀ ਅਧਿਕਾਰਤ ਸ਼ੁਰੂਆਤ ਤੋਂ ਬਾਅਦ ਦੂਜੇ ਦਿਨ ਪਹਿਲਾ ਸੋਨ ਤਮਗਾ ਮਿਲਿਆ ਹੈ। ਪਹਿਲੇ ਦਿਨ ਭਾਰਤੀ ਖਿਡਾਰੀਆਂ ਨੇ ਪੰਜ ਤਗਮੇ ਜਿੱਤੇ ਸਨ ਪਰ ਸੋਨ ਤਗਮੇ ਦੀ ਗਿਣਤੀ ਖਾਲੀ ਰਹੀ। ਸ਼ੂਟਿੰਗ ਟੀਮ ਨੇ ਸੋਮਵਾਰ ਨੂੰ ਸੁਨਹਿਰੀ ਸ਼ੁਰੂਆਤ ਕਰਦੇ ਹੋਏ ਦੇਸ਼ ਨੂੰ ਇਸ ਈਵੈਂਟ 'ਚ ਪਹਿਲਾ ਤਮਗਾ ਦਿਵਾਇਆ ਅਤੇ ਵਿਸ਼ਵ ਰਿਕਾਰਡ ਵੀ ਬਣਾਇਆ। ਭਾਰਤ ਦੇ ਹੁਣ ਖੇਡਾਂ ਵਿੱਚ 8 ਤਗਮੇ ਹੋ ਗਏ ਹਨ।
ਦੱਸ ਦੇਈਏ ਕਿ ਭਾਰਤੀ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ, ਦਿਵਿਆਂਸ਼ ਸਿੰਘ ਅਤੇ ਰੁੰਦਰਾਂਕਸ਼ ਪਾਟਿਲ ਨੇ ਸਵੇਰੇ 1893.7 ਦਾ ਸਕੋਰ ਬਣਾ ਕੇ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਇਆ। ਕੋਰੀਆ ਗਣਰਾਜ 1890.1 ਦੇ ਸਕੋਰ ਨਾਲ ਦੂਜੇ ਅਤੇ ਚੀਨ 1888.2 ਦੇ ਸਕੋਰ ਨਾਲ ਤੀਜੇ ਸਥਾਨ 'ਤੇ ਰਿਹਾ।
ਭਾਰਤ ਦੇ ਕੋਲ ਨਿਸ਼ਾਨੇਬਾਜ਼ੀ ਵਿਚ ਹੁਣ ਇੱਕ ਸੋਨੇ ਤਗਮੇ ਸਮੇਤ 3 ਤਗਮੇ ਹੋ ਗਏ ਹਨ। ਪਹਿਲੇ ਦਿਨ 10 ਮੀਟਰ ਏਅਰ ਰਾਈਫਲ ਮਹਿਲਾ ਟੀਮ ਨੇ 10 ਮੀਟਰ ਏਅਰ ਰਾਈਫਲ ਵਿਅਕਤੀਗਤ ਵਿਚ ਸਿਲਵਰ ਮੈਡਲ ਅਤੇ ਰਮਿਤਾ ਨੇ ਕਾਂਸੀ ਦਾ ਤਗਮਾ ਜਿੱਤਿਆ। ਪੁਰਸ਼ ਟੀਮ ਨੇ ਸੋਮਵਾਰ ਨੂੰ ਸੋਨ ਤਮਗਾ ਜਿੱਤਿਆ।