ਮੋਟਰਸਾਈਕਲ ਤੇ ਕਾਰ ਦੀ ਟੱਕਰ ’ਚ ਔਰਤ ਦੀ ਮੌਤ
ਘੋਗਰਾ, 1 ਮਈ (ਆਰ.ਐਸ.ਸਲਾਰੀਆ)- ਦਸੂਹਾ ਹਾਜ਼ੀਪੁਰ ਸੜ੍ਹਕ ’ਤੇ ਪੈਂਦੇ ਪਿੰਡ ਹਲੇੜ ਦੇ ਨਜ਼ਦੀਕ ਮੋਟਰਸਾਈਕਲ ਕਾਰ ਦੀ ਟੱਕਰ ’ਚ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਅਨਮੋਲ ਪੁੱਤਰ ਹਰਬੰਸ ਲਾਲ ਵਾਸੀ ਘੋਗਰਾ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਦਸੂਹਾ ਸਾਈਡ ਤੋਂ ਆਪਣੇ ਪਿੰਡ ਨੂੰ ਆ ਰਿਹਾ ਸੀ, ਜਦੋਂ ਮੋਟਰਸਾਈਕਲ ਸਵਾਰ ਉਕਤ ਸਥਾਨ ’ਤੇ ਪੁੱਜਾ ਤਾਂ ਬਜ਼ੁਰਗ ਔਰਤ ਕਰਤਾਰ ਕੌਰ (85) ਪਤਨੀ ਪਿਆਰਾ ਲਾਲ ਪਿੰਡ ਹਲੇੜ ਸੜ੍ਹਕ ਤੋਂ ਦੂਸਰੀ ਸਾਈਡ ਜਾ ਰਹੀ ਸੀ ਤਾਂ ਮੋਟਰਸਾਈਕਲ ਨਾਲ ਟੱਕਰਾ ਜਾਣ ਕਾਰ ਬਜ਼ੁਰਗ ਔਰਤ ਸੜ੍ਹਕ ਦੇ ਵਿਚਕਾਰ ਡਿੱਗ ਗਈ ਤਾਂ ਸਾਹਮਣੇ ਤੋਂ ਆ ਰਹੀ ਮਾਰੂਤੀ ਕੰਪਨੀ ਦੀ ਬਰੀਜ਼ਾ ਗੱਡੀ ਨਾਲ ਮੋਟਰ ਸਾਈਕਲ ਦੀ ਟੱਕਰ ਹੋ ਗਈ ਤੇ ਗੱਡੀ ਔਰਤ ਦੀਆਂ ਲੱਤਾਂ ਉਪਰੋਂ ਦੀ ਲੰਘ ਗਈ। ਕਾਰ ਦਾ ਡਰਾਈਵਰ ਮੌਕੇ ਤੋਂ ਗੱਡੀ ਲੈ ਕੇ ਫ਼ਰਾਰ ਹੋ ਗਿਆ, ਤੇ ਜ਼ਖ਼ਮੀ ਔਰਤ ਕਰਤਾਰ ਕੌਰ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਮੋਟਰਸਾਈਕਲ ਸਵਾਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਪ੍ਰਤੱਖਕਾਰੀਆਂ ਨੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਬਾਅਦ ’ਚ ਉਸ ਨੂੰ ਜਲੰਧਰ ਰੈਫ਼ਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਦਸੂਹਾ ਪੁਲਿਸ ਨੂੰ ਦੇ ਦਿੱਤੀ ਗਈ ਹੈ।