ਔਰਤਾਂ ਨੇ ਹਮੇਸ਼ਾ ਨਵੀਂ ਊਰਜਾ ਨਾਲ ਕਈ ਖ਼ੇਤਰਾਂ ਵਿਚ ਲਿਆਂਦਾ ਬਦਲਾਅ- ਪ੍ਰਧਾਨ ਮੰਤਰੀ

ਨਵੀਂ ਦਿੱਲੀ, 26 ਸਤੰਬਰ- ਰੁਜ਼ਗਾਰ ਮੇਲੇ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਿਚ ਨਵੇਂ ਭਰਤੀ ਹੋਏ ਲਗਭਗ 51,000 ਵਿਅਕਤੀਆਂ ਨੂੰ ਨਿਯੁਕਤੀ ਪੱਤਰਾਂ ਦੀ ਵੰਡ ਕੀਤੀ। ਇਸ ਮੌਕੇ ਉਨ੍ਹਾਂ ਸਰਕਾਰੀ ਸੇਵਾਵਾਂ ਲਈ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਤੁਸੀਂ ਸਾਰਿਆਂ ਨੇ ਸਖ਼ਤ ਮਿਹਨਤ ਤੋਂ ਬਾਅਦ ਇਹ ਸਫ਼ਲਤਾ ਪ੍ਰਾਪਤ ਕੀਤੀ ਹੈ। ਤੁਹਾਨੂੰ ਲੱਖਾਂ ਉਮੀਦਵਾਰਾਂ ਵਿਚੋਂ ਚੁਣਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਅੱਧੀ ਆਬਾਦੀ ਨੂੰ ਨਾਰੀ ਸ਼ਕਤੀ ਵੰਦਨ ਐਕਟ ਦੇ ਰੂਪ ਵਿਚ ਵੱਡੀ ਤਾਕਤ ਮਿਲੀ ਹੈ। 30 ਸਾਲਾਂ ਤੋਂ ਲਟਕ ਰਹੇ ਮਹਿਲਾ ਰਿਜ਼ਰਵੇਸ਼ਨ ਬਿੱਲ ਦਾ ਮੁੱਦਾ ਹੁਣ ਦੋਵਾਂ ਸਦਨਾਂ ਨੇ ਰਿਕਾਰਡ ਵੋਟਾਂ ਨਾਲ ਪਾਸ ਕਰ ਦਿੱਤਾ ਹੈ। ਦੇਸ਼ ਦੀ ਨਵੀਂ ਸੰਸਦ ਦੇ ਪਹਿਲੇ ਸੈਸ਼ਨ ’ਚ ਲਿਆ ਗਿਆ ਇਹ ਫੈਸਲਾ, ਨਵੀਂ ਸੰਸਦ ’ਚ ਦੇਸ਼ ਦੇ ਨਵੇਂ ਭਵਿੱਖ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਕਈ ਮਹਿਲਾਵਾਂ ਨੂੰ ਅੱਜ ਨਿਯੁਕਤੀ ਪੱਤਰ ਮਿਲੇ ਹਨ ਅਤੇ ਅੱਜ ਭਾਰਤ ਦੀਆਂ ਬੇਟੀਆਂ ਸਪੇਸ ਤੋਂ ਸਪਾਟ ਤੱਕ ਅਨੇਕਾਂ ਕੀਰਤੀਮਾਨ ਬਣਾ ਰਹੀਆਂ ਹਨ ਅਤੇ ਔਰਤਾਂ ਨੇ ਹਮੇਸ਼ਾ ਇਕ ਨਵੀਂ ਊਰਜਾ ਨਾਲ ਕਈ ਖ਼ੇਤਰਾਂ ਵਿਚ ਬਦਲਾਅ ਲਿਆਂਦਾ ਹੈ। ਉਨ੍ਹਾਂ ਅੱਗੇ ਬੋਲਿਆਂ ਕਿਹਾ ਕਿ ਦੇਸ਼ ਨੇ 2047 ਤੱਕ ਇਕ ਵਿਕਸਤ ਭਾਰਤ ਬਣਨ ਦਾ ਸੰਕਲਪ ਲਿਆ ਹੈ। ਅਗਲੇ ਕੁਝ ਸਾਲਾਂ ਵਿਚ ਅਸੀਂ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਹੇ ਹਾਂ। ਇਸ ਸਮੇਂ ਵਿਚ ਹਰ ਸਰਕਾਰੀ ਕਰਮਚਾਰੀ ਇਕ ਵੱਡੀ ਭੂਮਿਕਾ ਨਿਭਾਉਣ ਜਾ ਰਿਹਾ ਹੈ। ਤੁਹਾਨੂੰ ਹਮੇਸ਼ਾ ਇਕ ਨਾਗਰਿਕ ਵਾਲੀ ਪਹਿਲੀ ਭਾਵਨਾ ਨਾਲ ਕੰਮ ਕਰਨ ਦੀ ਲੋੜ ਹੁੰਦੀ ਹੈ। ਤੁਸੀਂ ਉਸ ਪੀੜ੍ਹੀ ਦਾ ਹਿੱਸਾ ਹੋ ਜੋ ਤਕਨਾਲੋਜੀ ਨਾਲ ਵੱਡੀ ਹੋਈ ਹੈ।