ਅਵਾਰਾ ਪਸ਼ੂ ਵਲੋਂ ਮਾਰੀ ਟੱਕਰ ਨਾਲ ਐਕਟਿਵਾ ਸਵਾਰ ਦੀ ਮੌਤ

ਜੈਤੋ, 29 ਸਤੰਬਰ (ਗੁਰਚਰਨ ਸਿੰਘ ਗਾਬੜੀਆ)- ਸਥਾਨਕ ਬਠਿੰਡਾ ਰੋਡ ’ਤੇ ਐਕਟਿਵਾ ਸਵਾਰ ਦੇ ਵਿਚ ਵੱਜੇ ਅਵਾਰਾ ਪਸ਼ੂ ਕਾਰਨ ਮਾਸਟਰ ਵਿਜੈਪਾਲ (45 ਸਾਲ) ਸਪੁੱਤਰ ਬਲਵੀਰ ਚੰਦ ਵਾਸੀ ਬਠਿੰਡਾ ਰੋਡ, ਜੈਤੋ ਦੀ ਸੜਕ ’ਤੇ ਡਿੱਗਣ ਕਰਕੇ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਮਾਸਟਰ ਵਿਜੈਪਾਲ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਬੱਚਿਆਂ ਲਈ ਖਾਣ ਵਾਲੀ ਵਸਤੂ ਲਿਆਉਣ ਲਈ ਬਠਿੰਡਾ ਰੋਡ ’ਤੇ ਸੀ ਕਿ ਉਸ ਦੀ ਐਕਟਿਵਾ ਵਿਚ ਅਚਾਨਕ ਅਵਾਰਾ ਪਸ਼ੂ ਆ ਕੇ ਜ਼ੋਰ ਦੀ ਵੱਜਿਆ, ਜਿਸ ਕਰਕੇ ਉਹ ਸੜਕ ’ਤੇ ਡਿੱਗ ਗਏ ਅਤੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਸਿਵਲ ਹਸਪਤਾਲ ਜੈਤੋ ਵਿਖੇ ਲਿਆਂਦਾ ਗਿਆ ਤਾਂ ਮੌਕੇ ’ਤੇ ਮੌਜੂਦ ਡਾਕਟਰ ਨੇ ਮਾਸਟਰ ਵਿਜੈਪਾਲ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਥਾਨਕ ਪੁਲਿਸ ਨੇ ਮ੍ਰਿਤਕ ਵਿਜੈਪਾਲ ਦੇ ਭਰਾ ਬਲਜਿੰਦਰ ਸਿੰਘ ਦੇ ਬਿਆਨ ਦੇ ਆਧਾਰ ’ਤੇ 174 ਦੀ ਕਾਰਵਾਈ ਨੂੰ ਅਮਲ ਵਿਚ ਲਿਆਉਣ ਉਪਰੰਤ ਮ੍ਰਿਤਕ ਦਾ ਪੋਸਟਮਾਰਟਮ ਫ਼ਰੀਦਕੋਟ ਤੋਂ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ।