‘ਇਸਕੋਨ’ ਨੇ ਮੇਨਕਾ ਗਾਂਧੀ ਨੂੰ ਭੇਜਿਆ 100 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ

ਕੋਲਕਾਤਾ, 29 ਸਤੰਬਰ- ਭਾਰਤੀ ਜਨਤਾ ਪਾਰਟੀ ਦੀ ਨੇਤਾ ਮੇਨਕਾ ਗਾਂਧੀ ਦੀ ਕਥਿਤ ਟਿੱਪਣੀ ’ਤੇ ਕਿ ਇਸਕੋਨ ਆਪਣੀਆਂ ਗਊਸ਼ਾਲਾਵਾਂ ਤੋਂ ਕਸਾਈਆਂ ਨੂੰ ਗਾਵਾਂ ਵੇਚਦਾ ਹੈ, ਦਾ ਸਖ਼ਤ ਨੋਟਿਸ ਲੈਂਦੇ ਹੋਏ ਮੰਦਰ ਸੰਸਥਾ ਦੀ ਕੋਲਕਾਤਾ ਇਕਾਈ ਨੇ ਅੱਜ ਕਿਹਾ ਕਿ ਉਹ ਸੁਲਤਾਨਪੁਰ ਦੇ ਸੰਸਦ ਮੈਂਬਰ ਦੇ ਖ਼ਿਲਾਫ਼ 100 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕਰਨ ਜਾ ਰਹੇ ਹਨ ਅਤੇ ਉਸ ਨੂੰ ਇਸ ਸੰਬੰਧੀ ਨੋਟਿਸ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਇਸਕੋਨ ਕੋਲਕਾਤਾ ਦੇ ਉਪ ਪ੍ਰਧਾਨ ਰਾਧਾਰਮਨ ਨੇ ਕਿਹਾ ਕਿ ਮੇਨਕਾ ਗਾਂਧੀ ਦੀਆਂ ਟਿੱਪਣੀਆਂ ਬਹੁਤ ਮੰਦਭਾਗੀਆਂ ਸਨ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿਚ ਸਾਡੇ ਸ਼ਰਧਾਲੂ ਬਹੁਤ ਦੁਖੀ ਹਨ। ਅਸੀਂ ਉਨ੍ਹਾਂ ਦੇ ਖ਼ਿਲਾਫ਼ 100 ਕਰੋੜ ਰੁਪਏ ਦੀ ਮਾਣਹਾਨੀ ਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਅਤੇ ਅਸੀਂ ਉਨ੍ਹਾਂ ਨੂੰ ਅੱਜ ਨੋਟਿਸ ਭੇਜਿਆ ਹੈ। ਇਹ ਹਾਲ ਹੀ ਵਿਚ ਗਾਂਧੀ ਦੀ ਇਕ ਵਾਇਰਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਇਆ ਹੈ, ਜਿਸ ਵਿਚ ਪੀਪਲ ਫ਼ਾਰ ਐਨੀਮਲਜ਼ ਦੀ ਸੰਸਥਾਪਕ ਨੂੰ ਇਹ ਦੋਸ਼ ਲਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਇਸਕੋਨ ਦੇਸ਼ ਵਿਚ ਸਭ ਤੋਂ ਵੱਡਾ ਠੱਗ ਹੈ, ਜੋ ਆਪਣੀਆਂ ਗਊਸ਼ਾਲਾਵਾਂ ਤੋਂ ਕਸਾਈਆਂ ਨੂੰ ਗਾਵਾਂ ਵੇਚਦਾ ਹੈ।