ਪਾਵਰਕਾਮ ਦਾ ਸੀਨੀਅਰ ਐਕਸੀਅਨ 45 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵਲੋਂ ਕਾਬੂ

ਲਹਿਰਾਗਾਗਾ, 29 ਸਤੰਬਰ (ਗਰਗ, ਢੀਂਡਸਾ, ਖੋਖਰ)- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਅੱਜ ਬਾਅਦ ਦੁਪਹਿਰ ਪੀ.ਐਸ.ਪੀ.ਸੀ.ਐਲ. ਦਫ਼ਤਰ ਲਹਿਰਾਗਾਗਾ ਵਿਖੇ ਤਾਇਨਾਤ ਸੀਨੀਅਰ ਕਾਰਜਕਾਰੀ ਇੰਜੀਨੀਅਰ ਮੁਨੀਸ਼ ਕੁਮਾਰ ਜਿੰਦਲ ਨੂੰ 45,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਪਰੋਕਤ ਮੁਲਜ਼ਮ ਨੂੰ ਲਹਿਰਾਗਾਗਾ ਬਲਾਕ ਦੇ ਪਿੰਡ ਹਰਿਆਉ ਦੇ ਰਹਿਣ ਵਾਲੇ ਸੁਖਚੈਨ ਸਿੰਘ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਮੇਜਰ ਸਿੰਘ ਵਾਸੀ ਪਿੰਡ ਢੀਂਡਸਾ, ਬਲਾਕ ਲਹਿਰਾਗਾਗਾ ਆਪਣਾ ਟਿਊਬਵੈੱਲ ਕੁਨੈਕਸ਼ਨ ਪਿੰਡ ਛਾਜਲੀ ਵਿਚ ਤਬਦੀਲ ਕਰਨਾ ਚਾਹੁੰਦਾ ਸੀ ਅਤੇ ਇਸ ਸੰਬੰਧੀ ਉਹ ਐਕਸੀਅਨ ਮੁਨੀਸ਼ ਕੁਮਾਰ ਜਿੰਦਲ ਨੂੰ ਮਿਲਿਆ ਤਾਂ ਉਸ ਨੇ ਇਸ ਟਿਊਬਵੈੱਲ ਕੁਨੈਕਸ਼ਨ ਨੂੰ ਤਬਦੀਲ ਕਰਨ ਲਈ 45000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ। ਇਸ ਸੰਬੰਧੀ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਦੇ ਥਾਣੇ ਵਿਚ ਮੁਨੀਸ਼ ਕੁਮਾਰ ਜਿੰਦਲ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।