ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਕਾਲੀ ਦਲ (ਅ) ਦਾ ਕੌਮੀ ਇਨਸਾਫ਼ ਮਾਰਚ ਆਰੰਭ

ਤਲਵੰਡੀ ਸਾਬੋ 1 ਅਕਤੂਬਰ (ਰਣਜੀਤ ਸਿੰਘ ਰਾਜੂ- ਵਿਦੇਸ਼ਾਂ ਚ ਸਿੱਖਾਂ ਦੇ ਹੋ ਰਹੇ ਕਤਲਾਂ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਕੱਢਿਆ ਜਾਣ ਵਾਲਾ ਇਨਸਾਫ਼ ਮਾਰਚ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋ ਗਿਆ।ਇਸ ਮੌਕੇ ਗੱਲਬਾਤ ਦੌਰਾਨ ਪਾਰਟੀ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਭਾਈ ਨਿੱਝਰ ਦੇ ਕਤਲ ਚ ਭਾਰਤੀ ਏਜੰਸੀਆਂ ਨੂੰ ਕਟਿਹਰੇ ਚ ਖੜਾਉਣ 'ਤੇ ਕੈਨੇਡਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਮਰੀਕਾ ਚ ਵੀ ਐੱਫ.ਬੀ.ਆਈ. ਨੇ ਐਡਵਾਇਜ਼ਰੀ ਜ਼ਾਰੀ ਕਰ ਦਿੱਤੀ ਹੈ ਕਿ ਜੇਕਰ ਕਿਸੇ ਵੀ ਸਿੱਖ ਦਾ ਕੋਈ ਪਿੱਛਾ ਕਰਦਾ ਹੈ ਤਾਂ ਉਹ ਪੁਲਿਸ ਨੂੰ ਕਾਲ ਕਰ ਸਕਦਾ ਹੈ।ਉਨ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੇਲ੍ਹ ਚ ਵਕੀਲ ਨੂੰ ਮੁਲਾਕਾਤ ਦੀ ਇਜ਼ਾਜ਼ਤ ਨਾ ਦੇਣ ਅਤੇ ਤਰਨਤਾਰਨ ਦੇ ਐੱਸ.ਐੱਸ.ਪੀ. ਦੇ ਤਬਾਦਲੇ 'ਤੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸੂਬੇ ਚ ਅਮਨ ਸ਼ਾਂਤੀ ਰੱਬ ਆਸਰੇ ਹੈ।