ਪਾਕਿਸਤਾਨ: ਨਵਾਜ ਸ਼ਰੀਫ਼ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿਚ ਬਰੀ

ਇਸਲਾਮਾਬਾਦ, 29 ਨਵੰਬਰ- ਇਸਲਾਮਾਬਾਦ ਹਾਈ ਕੋਰਟ ਨੇ ਅੱਜ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿਚ ਬਰੀ ਕਰ ਦਿੱਤਾ, ਜਿਸ ਵਿਚ ਉਨ੍ਹਾਂ ਨੂੰ 2018 ਵਿਚ ਦੋਸ਼ੀ ਠਹਿਰਾਇਆ ਗਿਆ ਸੀ। 73 ਸਾਲਾ ਸ਼ਰੀਫ ਨੇ ਐਵਨਫੀਲਡ ਜਾਇਦਾਦ ਅਤੇ ਅਲ-ਅਜ਼ੀਜ਼ੀਆ ਮਾਮਲਿਆਂ ’ਚ ਆਪਣੀ ਸਜ਼ਾ ਨੂੰ ਇਸਲਾਮਾਬਾਦ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ।ਦੋ ਮੈਂਬਰੀ ਬੈਂਚ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫ਼ੈਸਲਾ ਸੁਣਾਇਆ। ਸਾਬਕਾ ਪ੍ਰਧਾਨ ਮੰਤਰੀ ਨੂੰ ਜੁਲਾਈ 2018 ਵਿਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਲੰਡਨ ਵਿਚ ਆਮਦਨ ਤੋਂ ਵੱਧ ਜਾਇਦਾਦ ਬਾਰੇ ਐਵਨਫੀਲਡ ਜਾਇਦਾਦ ਭ੍ਰਿਸ਼ਟਾਚਾਰ ਮਾਮਲੇ ਵਿਚ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ ਦਸੰਬਰ 2018 ਵਿਚ ਅਲ-ਅਜ਼ੀਜ਼ੀਆ ਸਟੀਲ ਮਿੱਲਜ਼ ਕੇਸ ਵਿਚ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਹ ਕੇਸ ਰਾਸ਼ਟਰੀ ਜਵਾਬਦੇਹੀ ਬਿਊਰੋ ਦੁਆਰਾ ਦਾਇਰ ਕੀਤੇ ਗਏ ਸਨ, ਜੋ ਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਨਿਗਰਾਨੀ ਸੰਸਥਾ ਹੈ। ਸ਼ਰੀਫ 2019 ਵਿਚ ਲੰਡਨ ਗਏ ਸਨ ਅਤੇ ਵਾਪਸ ਨਹੀਂ ਆ ਸਕੇ ਅਤੇ ਦਸੰਬਰ 2020 ਵਿਚ ਆਈ.ਐਚ.ਸੀ. ਦੁਆਰਾ ਦੋਵਾਂ ਮਾਮਲਿਆਂ ਵਿਚ ਭਗੌੜਾ ਕਰਾਰ ਦਿੱਤਾ ਗਿਆ ਸੀ। ਸ਼ਰੀਫ਼ ਲਗਭਗ ਚਾਰ ਸਾਲਾਂ ਬਾਅਦ ਪਿਛਲੇ ਮਹੀਨੇ ਵਾਪਸ ਪਰਤਿਆ ਅਤੇ ਉਸ ਦੀਆਂ ਅਪੀਲਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਸੀ।