ਹਰ ਵਿਅਕਤੀ ਅਤੇ ਸੰਸਥਾ ਨੂੰ ਵਿਕਸਿਤ ਭਾਰਤ ਦਾ ਸੰਕਲਪ ਲੈ ਕੇ ਅੱਗੇ ਵਧਣਾ ਚਾਹੀਦੈ- ਪ੍ਰਧਾਨ ਮੰਤਰੀ

ਨਵੀਂ ਦਿੱਲੀ, 11 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵਿਕਸਿਤ ਭਾਰਤ- 2047: ਨੌਜਵਾਨਾਂ ਦੀ ਆਵਾਜ਼’ ਵਰਕਸ਼ਾਪ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਇਹ ਉਹ ਦੌਰ ਹੈ ਜਦੋਂ ਦੇਸ਼ ਇਕ ਕੁਆਂਟਮ ਜੰਪ ਕਰਨ ਜਾ ਰਿਹਾ ਹੈ। ਅਜਿਹੇ ਕਈ ਦੇਸ਼ਾਂ ਦੀਆਂ ਉਦਾਹਰਣਾਂ ਸਾਡੇ ਆਲੇ ਦੁਆਲੇ ਹਨ, ਜਿਨ੍ਹਾਂ ਨੇ ਇਕ ਨਿਸ਼ਚਿਤ ਸਮੇਂ ਵਿਚ ਲੰਬੀਆਂ ਛਲਾਂਗਾਂ ਲਗਾ ਕੇ ਆਪਣੇ ਆਪ ਨੂੰ ਵਿਕਸਤ ਕੀਤਾ ਹੈ। ਇਸ ਲਈ ਮੈਂ ਕਹਿੰਦਾ ਹਾਂ ਕਿ ਇਹ ਭਾਰਤ ਲਈ ਸਹੀ ਸਮਾਂ ਹੈ। ਸਾਨੂੰ ਇਸ ਅਮਰ ਸਮੇਂ ਦੇ ਹਰ ਪਲ ਦਾ ਫਾਇਦਾ ਉਠਾਉਣਾ ਹੈ। ਸਾਨੂੰ ਕਦੇ ਵੀ ਇਕ ਪਲ ਵੀ ਗੁਆਉਣਾ ਨਹੀਂ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਅੱਜ ਹਰ ਵਿਅਕਤੀ ਅਤੇ ਹਰ ਸੰਸਥਾ ਨੂੰ ਇਹ ਸੰਕਲਪ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਕਿ ਮੈਂ ਜੋ ਵੀ ਕਰਦਾ ਹਾਂ ਉਹ ਇਕ ਵਿਕਸਤ ਭਾਰਤ ਲਈ ਹੋਣਾ ਚਾਹੀਦਾ ਹੈ। ਤੁਹਾਡੇ ਟੀਚਿਆਂ ਅਤੇ ਤੁਹਾਡੇ ਸੰਕਲਪਾਂ ਦਾ ਧਿਆਨ ਕੇਵਲ ਵਿਕਸਤ ਭਾਰਤ ’ਤੇ ਹੋਣਾ ਚਾਹੀਦਾ ਹੈ।