ਨੀਰਵ ਮੋਦੀ ਦੀ ਨਵੀਂ ਜ਼ਮਾਨਤ ਅਰਜ਼ੀ ਰੱਦ

ਨਵੀਂ ਦਿੱਲੀ, 15 ਮਈ (ਪੀ. ਟੀ. ਆਈ.)-ਲੰਡਨ ਦੀ ਹਾਈ ਕੋਰਟ ਆਫ਼ ਜਸਟਿਸ ਨੇ ਵੀਰਵਾਰ ਨੂੰ ਹੀਰਾ ਕਾਰੋਬਾਰੀ ਨੀਰਵ ਮੋਦੀ ਵਲੋਂ ਦਾਇਰ ਕੀਤੀ ਗਈ ਇਕ ਨਵੀਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ, ਜੋ ਕਿ ਉਥੇ ਦੀ ਇਕ ਜੇਲ੍ਹ 'ਚ ਬੰਦ ਹੈ ਅਤੇ ਭਾਰਤ 'ਚ ਆਪਣੇ ਚਾਚੇ ਮੇਹੁਲ ਚੋਕਸੀ ਨਾਲ ਮਿਲ ਕੇ ਕੀਤੇ ਗਏ 13,000 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਧੋਖਾਧੜੀ ਦੇ ਮਾਮਲੇ 'ਚ ਲੋੜੀਂਦਾ ਹੈ | ਮੋਦੀ ਨੇ ਲੰਡਨ ਦੀ ਅਦਾਲਤ 'ਚ ਪਹੁੰਚ ਕਰਕੇ ਆਪਣੀ ਹਵਾਲਗੀ ਬੇਨਤੀ 'ਤੇ ਫੈਸਲੇ ਤੱਕ ਜ਼ਮਾਨਤ 'ਤੇ ਰਿਹਾਈ ਦੀ ਮੰਗ ਕੀਤੀ ਸੀ | 55 ਸਾਲਾ ਮੋਦੀ 19 ਮਾਰਚ, 2019 ਤੋਂ ਯੂ. ਕੇ. ਦੀ ਜੇਲ੍ਹ 'ਚ ਬੰਦ ਹੈ | ਉਸ 'ਤੇ ਕੁੱਲ ਘੁਟਾਲੇ ਦੀ ਰਕਮ 'ਚੋਂ 6498.20 ਕਰੋੜ ਰੁਪਏ ਦੀ ਹੇਰਾਫੇਰੀ ਕਰਨ ਦਾ ਦੋਸ਼ ਹੈ | ਏਜੰਸੀ ਨੇ ਕਿਹਾ ਕਿ ਉਸ ਦੀ ਹਵਾਲਗੀ ਨੂੰ ਯੂ.ਕੇ. ਦੀ ਹਾਈ ਕੋਰਟ ਨੇ ਭਾਰਤ ਸਰਕਾਰ ਦੇ ਹੱਕ 'ਚ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ | ਏਜੰਸੀ ਨੇ ਕਿਹਾ ਕਿ ਯੂ.ਕੇ. 'ਚ ਉਸ ਦੀ ਨਜ਼ਰਬੰਦੀ ਤੋਂ ਬਾਅਦ ਇਹ ਉਸ ਦੀ 10ਵੀਂ ਜ਼ਮਾਨਤ ਪਟੀਸ਼ਨ ਸੀ, ਜਿਸ ਦਾ ਸੀ.ਬੀ.ਆਈ. ਨੇ ਕਰਾਊਨ ਪ੍ਰੌਸੀਕਿਊਸ਼ਨ ਸਰਵਿਸ, ਲੰਡਨ ਰਾਹੀਂ ਸਫਲਤਾਪੂਰਵਕ ਬਚਾਅ ਕੀਤਾ ਗਿਆ |