ਆਪ੍ਰੇਸ਼ਨ ਸੰਧੂਰ: 7 ਸੰਸਦ ਮੈਂਬਰਾਂ ਦਾ ਸਰਬ-ਪਾਰਟੀ ਵਫ਼ਦ ਦੁਨੀਆ ਨੂੰ ਦੇਵੇਗਾ ਜਾਣਕਾਰੀ

ਨਵੀਂ ਦਿੱਲੀ, 17 ਮਈ- ਹੁਣ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਅੰਤਰਰਾਸ਼ਟਰੀ ਪੱਧਰ ’ਤੇ ਸਰਹੱਦ ਪਾਰ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਨੂੰ ਹੋਰ ਮਜ਼ਬੂਤ ਕਰਨ ਲਈ ਇਕੱਠੇ ਖੜ੍ਹੀਆਂ ਹਨ। ਆਪ੍ਰੇਸ਼ਨ ਸੰਧੂਰ ਤੋਂ ਬਾਅਦ, ਭਾਰਤ ਨੇ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਵਿਚ ਸੱਤ ਸਰਬ-ਪਾਰਟੀ ਵਫ਼ਦ ਭੇਜਣ ਦਾ ਫੈਸਲਾ ਕਰਕੇ ਇਕ ਵੱਡਾ ਕੂਟਨੀਤਕ ਕਦਮ ਚੁੱਕਿਆ ਹੈ। ਇਨ੍ਹਾਂ ਵਫ਼ਦਾਂ ਦਾ ਉਦੇਸ਼ ਅੱਤਵਾਦ ਪ੍ਰਤੀ ਭਾਰਤ ਦੀ ‘ਜ਼ੀਰੋ ਟੌਲਰੈਂਸ’ ਨੀਤੀ ਦਾ ਸਾਂਝਾ ਸੰਦੇਸ਼ ਦੁਨੀਆ ਨੂੰ ਦੇਣਾ ਹੈ। ਇਸ ਮੁਹਿੰਮ ਵਿਚ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਿਲ ਹਨ। ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਇਹ ਜਾਣਕਾਰੀ ਦਿੱਤੀ। ਪੋਸਟ ਵਿਚ ਉਨ੍ਹਾਂ ਨੇ ਲਿਖਿਆ ਕਿ ਸਭ ਤੋਂ ਮਹੱਤਵਪੂਰਨ ਪਲਾਂ ’ਤੇ, ਭਾਰਤ ਇਕਜੁੱਟ ਖੜ੍ਹਾ ਹੈ। ਸੱਤ ਸਰਬ-ਪਾਰਟੀ ਵਫ਼ਦ ਜਲਦੀ ਹੀ ਮੁੱਖ ਭਾਈਵਾਲ ਦੇਸ਼ਾਂ ਦਾ ਦੌਰਾ ਕਰਨਗੇ ਅਤੇ ਅੱਤਵਾਦ ਪ੍ਰਤੀ ‘ਜ਼ੀਰੋ ਟੌਲਰੈਂਸ’ ਦੇ ਸਾਡੇ ਸਾਂਝੇ ਸੰਦੇਸ਼ ਨੂੰ ਲੈ ਕੇ ਜਾਣਗੇ। ਇਹ ਰਾਜਨੀਤੀ ਤੋਂ ਉੱਪਰ ਅਤੇ ਮਤਭੇਦਾਂ ਤੋਂ ਪਰੇ ਰਾਸ਼ਟਰੀ ਏਕਤਾ ਦਾ ਇਕ ਸ਼ਕਤੀਸ਼ਾਲੀ ਪ੍ਰਤੀਕ ਹੈ। ਇਸੇ ਸੰਬੰਧੀ ਹੀ ਕਾਂਗਰਸ ਦੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਟਵੀਟ ਕਰ ਕਿਹਾ ਕਿ ਕੱਲ੍ਹ ਸਵੇਰੇ, ਸੰਸਦੀ ਮਾਮਲਿਆਂ ਦੇ ਮੰਤਰੀ, ਕਿਰਨ ਰਿਜੀਜੂ ਨੇ ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਅਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਗੱਲ ਕੀਤੀ ਅਤੇ ਪਾਕਿਸਤਾਨ ਤੋਂ ਅੱਤਵਾਦ ’ਤੇ ਭਾਰਤ ਦੇ ਰੁਖ਼ ਨੂੰ ਸਪੱਸ਼ਟ ਕਰਨ ਲਈ ਵਿਦੇਸ਼ ਭੇਜੇ ਜਾਣ ਵਾਲੇ ਵਫ਼ਦਾਂ ਲਈ 4 ਸੰਸਦ ਮੈਂਬਰਾਂ ਦੇ ਨਾਮ ਸੌਂਪਣ ਲਈ ਕਿਹਾ ਸੀ। ਇਸ ਵਿਚ ਭਾਜਪਾ ਦੇ ਦੋ ਸੰਸਦ ਮੈਂਬਰ, ਕਾਂਗਰਸ, ਡੀ.ਐਮ.ਕੇ., ਜੇ.ਡੀ.ਯੂ., ਐਨ.ਸੀ.ਪੀ. (ਸਪਾ) ਅਤੇ ਸ਼ਿਵ ਸੈਨਾ (ਸ਼ਿੰਦੇ ਧੜੇ) ਦਾ ਇਕ-ਇਕ ਮੈਂਬਰ ਸ਼ਾਮਿਲ ਕੀਤਾ ਗਿਆ ਹੈ। ਭਾਜਪਾ ਤੋਂ ਰਵੀ ਸ਼ੰਕਰ ਪ੍ਰਸਾਦ ਅਤੇ ਬੈਜਯੰਤ ਪਾਂਡਾ, ਕਾਂਗਰਸ ਤੋਂ ਸ਼ਸ਼ੀ ਥਰੂਰ, ਜੇਡੀਯੂ ਤੋਂ ਸੰਜੇ ਕੁਮਾਰ ਝਾਅ, ਡੀ.ਐਮ.ਕੇ. ਤੋਂ ਕਨੀਮੋਝੀ ਕਰੁਣਾਨਿਧੀ, ਐਨ.ਸੀ.ਪੀ. (ਐਸਪੀ) ਤੋਂ ਸੁਪ੍ਰੀਆ ਸੁਲੇ ਅਤੇ ਸ਼ਿਵ ਸੈਨਾ (ਸ਼ਿੰਦੇ ਧੜੇ) ਤੋਂ ਸ਼੍ਰੀਕਾਂਤ ਏਕਨਾਥ ਸ਼ਿੰਦੇ ਸਮੂਹਾਂ ਦੀ ਅਗਵਾਈ ਕਰਨਗੇ। ਉਨ੍ਹਾਂ ਦੀ ਅਗਵਾਈ ਹੇਠ, 7 ਵਫ਼ਦ ਇਸ ਮਹੀਨੇ 23 ਜਾਂ 24 ਮਈ ਤੋਂ ਅਗਲੇ 10 ਦਿਨਾਂ ਲਈ ਦੁਨੀਆ ਦੇ ਪ੍ਰਮੁੱਖ ਦੇਸ਼ਾਂ, ਖਾਸ ਕਰਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਦੇਸ਼ਾਂ ਦਾ ਦੌਰਾ ਕਰਨਗੇ ਤੇ ਦੱਸਣਗੇ ਕਿ ਅੱਤਵਾਦ ਵਿਰੁੱਧ ਭਾਰਤ ਦਾ ਕੀ ਨਜ਼ਰੀਆ ਹੈ ਅਤੇ ਆਪ੍ਰੇਸ਼ਨ ਸੰਧੂਰ ਤਹਿਤ ਪਾਕਿਸਤਾਨ ਵਿਰੁੱਧ ਕਾਰਵਾਈ ਕਿਉਂ ਅਤੇ ਕਿਵੇਂ ਕੀਤੀ ਗਈ।