ਪ੍ਰਧਾਨ ਮੰਤਰੀ ਮੋਦੀ ਨੇ ਨੀਰਜ ਚੋਪੜਾ ਨੂੰ ਦਿੱਤੀ ਵਧਾਈ

ਨਵੀਂ ਦਿੱਲੀ, 17 ਮਈ- ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਦੋਹਾ ਡਾਇਮੰਡ ਲੀਗ ਵਿਚ 90.23 ਮੀਟਰ ਦੀ ਦੂਰੀ ’ਤੇ ਜੈਵਲਿਨ ਸੁੱਟਿਆ ਅਤੇ ਆਖਰਕਾਰ 90 ਮੀਟਰ ਦਾ ਅੰਕੜਾ ਪਾਰ ਕੀਤਾ। ਹਾਲਾਂਕਿ, ਉਹ ਦੂਜੇ ਸਥਾਨ ’ਤੇ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਰਜ ਦੀ ਪ੍ਰਸ਼ੰਸਾ ਕੀਤੀ ਹੈ। ਪੀ.ਐਮ. ਮੋਦੀ ਨੇ ਸੋਸ਼ਲ ਮੀਡੀਆ ਹੈਂਡਲ ਐਕਸ ’ਤੇ ਲਿਖਿਆ ਕਿ ਭਾਰਤ ਖੁਸ਼ ਅਤੇ ਮਾਣਮੱਤਾ ਹੈ। ਪ੍ਰਧਾਨ ਮੰਤਰੀ ਨੇ ਲਿਖਿਆ ਕਿ ਸ਼ਾਨਦਾਰ ਪ੍ਰਾਪਤੀ!’ ਨੀਰਜ ਚੋਪੜਾ ਨੂੰ ਦੋਹਾ ਡਾਇਮੰਡ ਲੀਗ 2025 ਵਿਚ 90 ਮੀਟਰ ਦਾ ਅੰਕੜਾ ਪਾਰ ਕਰਨ ਅਤੇ ਆਪਣਾ ਨਿੱਜੀ ਸਰਵੋਤਮ ਥਰੋਅ ਪ੍ਰਾਪਤ ਕਰਨ ਲਈ ਵਧਾਈਆਂ। ਇਹ ਉਸ ਦੇ ਅਣਥੱਕ ਸਮਰਪਣ, ਅਨੁਸ਼ਾਸਨ ਅਤੇ ਜਨੂੰਨ ਦਾ ਨਤੀਜਾ ਹੈ। ਇਸ ਮੁਕਾਬਲੇ ਵਿਚ ਜਰਮਨੀ ਦੇ ਜੂਲੀਅਨ ਵੇਬਰ ਨੇ ਪਹਿਲਾ ਸਥਾਨ ਪ੍ਰਾਪਤ ਕਰਨ ਦੀ ਆਪਣੀ ਆਖਰੀ ਕੋਸ਼ਿਸ਼ ਵਿਚ 91 ਮੀਟਰ ਦੀ ਦੂਰੀ ’ਤੇ ਜੈਵਲਿਨ ਸੁੱਟਿਆ।