ਮੁੰਬਈ ਹਵਾਈ ਅੱਡੇ ਤੇ ਹੋਟਲ ਤਾਜ ਮਹਿਲ ਪੈਲੇਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਮੁੰਬਈ, 17 ਮਈ- ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਤਾਜ ਮਹਿਲ ਪੈਲੇਸ ਹੋਟਲ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਇਹ ਧਮਕੀ ਮੁੰਬਈ ਏਅਰਪੋਰਟ ਪੁਲਿਸ ਦੇ ਈ.ਮੇਲ ਆਈ.ਡੀ. ’ਤੇ ਭੇਜੀ ਗਈ ਹੈ, ਜਿਸ ਵਿਚ ਇਕ ਵਾਰ ਫਿਰ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਈ.ਮੇਲ. ਵਿਚ ਦਾਅਵਾ ਕੀਤਾ ਗਿਆ ਹੈ ਕਿ ਤਾਜ ਮਹਿਲ ਪੈਲੇਸ ਹੋਟਲ ਅਤੇ ਹਵਾਈ ਅੱਡੇ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਮੁੰਬਈ ਹਵਾਈ ਅੱਡੇ ਅਤੇ ਤਾਜ ਮਹਿਲ ਪੈਲੇਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ.ਮੇਲ ਨੇ ਹਲਚਲ ਮਚਾ ਦਿੱਤੀ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਮੇਲ ਵਿਚ ਅੱਤਵਾਦੀ ਅਫਜ਼ਲ ਗੁਰੂ ਅਤੇ ਸੈਵੱਕੂ ਸ਼ੰਕਰ ਦੀ ਫ਼ਾਂਸੀ ਦਾ ਹਵਾਲਾ ਦਿੱਤਾ ਗਿਆ ਹੈ। ਮੁੰਬਈ ਪੁਲਿਸ ਮੇਲ ਭੇਜਣ ਵਾਲੇ ਵਿਅਕਤੀ ਦਾ ਪਤਾ ਲਗਾ ਰਹੀ ਹੈ।