ਸੰਜੋਗ ਗੁਪਤਾ ਹੋਣਗੇ ਆਈ.ਸੀ.ਸੀ. ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ

ਦੁਬਈ, 7 ਜੁਲਾਈ- ਭਾਰਤੀ ਮੀਡੀਆ ਦਿੱਗਜ ਸੰਜੋਗ ਗੁਪਤਾ ਨੂੰ ਅੱਜ ਜੈ ਸ਼ਾਹ ਦੀ ਅਗਵਾਈ ਵਾਲੀ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦਾ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕੀਤਾ ਗਿਆ, ਜੋ ਆਸਟ੍ਰੇਲੀਆਈ ਜਿਓਫ ਐਲਾਰਡਿਸ ਦੀ ਥਾਂ ਲੈਣਗੇ, ਜਿਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿਚ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫ਼ਾ ਦੇ ਦਿੱਤਾ ਸੀ।
ਗੁਪਤਾ, ਜੋ ਕਿ ਜੀਓਸਟਾਰ ਵਿਚ ਸੀ.ਈ.ਓ. (ਖੇਡਾਂ ਅਤੇ ਲਾਈਵ ਅਨੁਭਵ) ਵਜੋਂ ਸੇਵਾ ਨਿਭਾਅ ਰਹੇ ਸਨ, ਤੁਰੰਤ ਪ੍ਰਭਾਵ ਨਾਲ ਆਪਣੀ ਨਵੀਂ ਭੂਮਿਕਾ ਦਾ ਚਾਰਜ ਸੰਭਾਲਣਗੇ। ਉਹ ਆਈ.ਸੀ.ਸੀ. ਦੇ ਸੱਤਵੇਂ ਸੀ.ਈ.ਓ. ਹੋਣਗੇ। ਦੱਸ ਦੇਈਏ ਕਿ 25 ਦੇਸ਼ਾਂ ਤੋਂ 2,500 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿਚੋਂ 12 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ।
ਆਈ.ਸੀ.ਸੀ. ਨੇ ਕਿਹਾ ਕਿ ਉਮੀਦਵਾਰਾਂ ਵਿਚ ਖੇਡ ਦੀਆਂ ਪ੍ਰਬੰਧਕ ਸੰਸਥਾਵਾਂ ਨਾਲ ਜੁੜੇ ਨੇਤਾਵਾਂ ਤੋਂ ਲੈ ਕੇ ਵੱਖ-ਵੱਖ ਖੇਤਰਾਂ ਦੇ ਸੀਨੀਅਰ ਕਾਰਪੋਰੇਟ ਕਾਰਜਕਾਰੀ ਸ਼ਾਮਿਲ ਸਨ।
ਨਾਮ ਨਾਮਜ਼ਦਗੀ ਕਮੇਟੀ ਨੂੰ ਭੇਜੇ ਗਏ ਸਨ, ਜਿਸ ਵਿਚ ਆਈ.ਸੀ.ਸੀ. ਦੇ ਡਿਪਟੀ ਚੇਅਰਮੈਨ ਇਮਰਾਨ ਖਵਾਜਾ, ਈ.ਸੀ.ਬੀ. ਚੇਅਰਮੈਨ ਰਿਚਰਡ ਥੌਮਸਨ, ਐਸ.ਐਲ.ਸੀ. ਪ੍ਰਧਾਨ ਸ਼ੰਮੀ ਸਿਲਵਾ ਅਤੇ ਬੀ.ਸੀ.ਸੀ.ਆਈ. ਸਕੱਤਰ ਦੇਵਜੀਤ ਸੈਕੀਆ ਸ਼ਾਮਿਲ ਸਨ।
ਉਨ੍ਹਾਂ ਨੇ ਗੁਪਤਾ ਦੀ ਇਸ ਭੂਮਿਕਾ ਲਈ ਸਿਫਾਰਸ਼ ਕੀਤੀ, ਜਿਸ ਨੂੰ ਆਈ.ਸੀ.ਸੀ. ਦੇ ਚੇਅਰਮੈਨ ਜੈ ਸ਼ਾਹ ਨੇ ਮਨਜ਼ੂਰੀ ਦੇ ਦਿੱਤੀ। ਆਈ.ਸੀ.ਸੀ. ਨੇ ਅੱਗੇ ਕਿਹਾ ਕਿ ਸੰਜੋਗ ਗੁਪਤਾ ਭਾਰਤ ਅਤੇ ਵਿਸ਼ਵ ਪੱਧਰ ’ਤੇ ਖੇਡ ਪ੍ਰਸਾਰਣ ਦੇ ਪਰਿਵਰਤਨ ਪਿੱਛੇ ਇਕ ਪ੍ਰੇਰਕ ਸ਼ਕਤੀ ਰਹੇ ਹਨ।
ਸੰਜੋਗ ਨੇ ਆਈ.ਸੀ.ਸੀ. ਈਵੈਂਟਾਂ ਅਤੇ ਆਈ.ਪੀ.ਐਲ. ਵਰਗੇ ਮਾਰਕੀ ਕ੍ਰਿਕਟ ਪ੍ਰਾਪਰਟੀਆਂ ਦੇ ਨਿਰੰਤਰ ਵਿਕਾਸ ਨੂੰ ਆਕਾਰ ਦੇਣ, ਪੀ.ਕੇ.ਐਲ. ਅਤੇ ਆਈ.ਐਸ.ਐਲ. ਵਰਗੇ ਘਰੇਲੂ ਖੇਡ ਲੀਗਾਂ ਦੀ ਸਥਾਪਨਾ ਕਰਨ, ਪ੍ਰੀਮੀਅਰ ਲੀਗ ਅਤੇ ਵਿੰਬਲਡਨ ਵਰਗੇ ਗਲੋਬਲ ਖੇਡ ਈਵੈਂਟਾਂ ਦੀ ਪ੍ਰਸਿੱਧੀ ਨੂੰ ਅੱਗੇ ਵਧਾਉਣ ਅਤੇ ਉਪਭੋਗਤਾ ਅਤੇ ਵਪਾਰਕ ਉਦੇਸ਼ਾਂ ਵਿਚ ਕਾਰੋਬਾਰ ਨੂੰ ਵਧਾਉਣ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਸ਼ਾਹ ਨੇ ਕਿਹਾ ਕਿ ਖੇਡ ਰਣਨੀਤੀ ਅਤੇ ਵਪਾਰੀਕਰਨ ਵਿਚ ਗੁਪਤਾ ਦਾ ਤਜਰਬਾ ਆਈ.ਸੀ.ਸੀ. ਲਈ ਮਹੱਤਵਪੂਰਨ ਹੋਵੇਗਾ।