ਅਜਨਾਲਾ-ਚੱਕ ਫੂਲਾ ਵਿਚ ਸੁਖਜੀਤ ਕੌਰ ਅਤੇ ਡੱਬਰ ਬਸਤੀ ਵਿਚ ਬਲਵਿੰਦਰ ਕੌਰ ਬਣੀ ਸਰਪੰਚ

ਅਜਨਾਲਾ, 27 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਅੱਜ ਬਲਾਕ ਅਜਨਾਲਾ ਨਾਲ ਸੰਬੰਧਿਤ ਪਿੰਡ ਚੱਕ ਫੂਲਾ, ਡੱਬਰ ਬਸਤੀ ਅਤੇ ਵੱਡਾ ਚੱਕ ਡੋਗਰਾਂ ਵਿਚ ਉਪ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ ਗਿਆ। ਚੋਣ ਰਜਿਸਟ੍ਰੇਸ਼ਨ ਅਫਸਰ-ਕਮ-ਐਸ.ਡੀ.ਐਮ. ਅਜਨਾਲਾ ਰਵਿੰਦਰ ਸਿੰਘ ਅਰੋੜਾ ਵਲੋਂ ਕੀਤੇ ਸੁਚੱਜੇ ਪ੍ਰਬੰਧਾਂ ਬਦੌਲਤ ਸਵੇਰੇ 8 ਵਜੇ ਸ਼ੁਰੂ ਹੋਈ ਪੋਲਿੰਗ ਪ੍ਰਕਿਰਿਆ 4 ਵਜੇ ਤੱਕ ਚਲਦੀ ਰਹੀ, ਅੱਤ ਦੀ ਗਰਮੀ ਦੇ ਬਾਵਜੂਦ ਵੀ ਵੋਟਰਾਂ ਵਿਚ ਵੋਟ ਪਾਉਣ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ।ਇਨ੍ਹਾਂ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਡੀ.ਐੱਸ.ਪੀ. ਅਜਨਾਲਾ ਗੁਰਵਿੰਦਰ ਸਿੰਘ ਔਲਖ ਦੀ ਅਗਵਾਈ ਵਿਚ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ।
ਦੇਰ ਸ਼ਾਮ ਪ੍ਰਾਪਤ ਨਤੀਜਿਆਂ ਅਨੁਸਾਰ ਪਿੰਡ ਚੱਕ ਫੂਲਾ ਵਿਚ ਹੋਰਨਾਂ ਸਿਆਸੀ ਪਾਰਟੀਆਂ ਦੀ ਹਮਾਇਤ ਪ੍ਰਾਪਤ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਉਮੀਦਵਾਰ ਸੁਖਜੀਤ ਕੌਰ ਪਤਨੀ ਚਰਨਜੀਤ ਸਿੰਘ ਆਪਣੀ ਵਿਰੋਧੀ ਉਮੀਦਵਾਰ ਜਸਬੀਰ ਕੌਰ ਪਤਨੀ ਬਲਜਿੰਦਰ ਸਿੰਘ ਫੁੱਲੇ ਚੱਕ ਨੂੰ 72 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪਿੰਡ ਦੀ ਸਰਪੰਚ ਚੁਣੀ ਗਈ, ਜਦਕਿ ਪਿੰਡ ਡੱਬਰ ਬਸਤੀ ਵਿਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਬੀਬੀ ਬਲਵਿੰਦਰ ਕੌਰ ਆਪਣੀ ਵਿਰੋਧੀ ਉਮੀਦਵਾਰ ਮਨਜੀਤ ਕੌਰ ਨੂੰ 64 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜੇਤੂ ਰਹੀ।
ਪਿੰਡ ਵੱਡਾ ਚੱਕ ਡੋਗਰਾ ਵਿਚ 'ਆਪ' ਨਾਲ ਸੰਬੰਧਿਤ ਪੰਚ ਦੇ ਉਮੀਦਵਾਰ ਗਗਨਦੀਪ ਕੌਰ (ਵਾਰਡ ਨੰਬਰ 2) ਅਤੇ ਪੂਰਨ ਸਿੰਘ (ਵਾਰਡ ਨੰਬਰ 3) ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਜੇਤੂ ਰਹੇ ਜਦਕਿ 3 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਸਨ।ਚੱਕ ਫੂਲਾ ਵਿਚ ਨਵੀਂ ਚੁਣੀ ਸਰਪੰਚ ਸੁਖਜੀਤ ਕੌਰ ਧਿਰ ਨਾਲ ਸੰਬੰਧਿਤ 2 ਪੰਚ ਹਰਮਨਜੀਤ ਸਿੰਘ ਅਤੇ ਰਾਜਬੀਰ ਸਿੰਘ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਜੇਤੂ ਰਹੇ ਜਦਕਿ ਜਸਬੀਰ ਕੌਰ ਧਿਰ ਦੀ ਉਮੀਦਵਾਰ ਬੀਬੀ ਬੀਰੋ ਅਤੇ ਹਰਦੀਪ ਸਿੰਘ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਪੰਚ ਦੀ ਚੋਣ ਜਿੱਤੇ ਅਤੇ ਇਕ ਮਹਿਲਾ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੋਣ ਜਿੱਤ ਗਈ ਸੀ।