ਬੜੂੰਦੀ ‘ਚ ਸਰਪੰਚ ਦੀ ਜ਼ਿਮਨੀ ਚੋਣ ‘ਚ ਜਸਵਿੰਦਰ ਸਿੰਘ ਬਿੱਟੂ 746 ਵੋਟਾਂ ਨਾਲ ਜੇਤੂ ਰਹੇ

ਲੋਹਟਬੱਦੀ, 27 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)-ਹਲਕਾ ਰਾਏਕੋਟ ਦੇ ਨਾਮਵਰ ਪਿੰਡ ਬੜੂੰਦੀ ‘ਚ ਅੱਜ ਸਰਪੰਚ ਦੇ ਖਾਲੀ ਪਏ ਅਹੁਦੇ ਲਈ ਹੋਈ ਜ਼ਿਮਨੀ ਚੋਣ ‘ਚ ਸਵਰਗੀ ਸਰਪੰਚ ਹਰਮਿੰਦਰ ਸਿੰਘ ਗੀਗਾ ਦੇ ਛੋਟੇ ਭਰਾ ਜਸਵਿੰਦਰ ਸਿੰਘ ਬਿੱਟੂ ਵੱਡੀ ਗਿਣਤੀ ਵੋਟਾਂ ਦੇ ਫਰਕ ਨਾਲ ਵਿਰੋਧੀ ਉੇਮੀਦਵਾਰ ਨੂੰ ਹਰਾ ਕੇ ਪਿੰਡ ਦੇ ਸਰਪੰਚ ਬਣ ਗਏ। । ਕੁੱਲ ਵੋਟਾਂ 3401 ‘ਚੋਂ ਪੋਲ ਹੋਈਆਂ ਜਿਨ੍ਹਾਂ 'ਚੋਂ 2246 ਵੋਟਾਂ ਰੱਦ, ਨੋਟਾ ਅਤੇ ਵਿਰੋਧੀ ਉਮੀਦਵਾਰ ਨੂੰ ਪਈਆਂ ਵੋਟਾਂ ਮੁਕਾਬਲੇ ਜਸਵਿੰਦਰ ਸਿੰਘ ਬਿੱਟੂ ਚੋਣ ਨਿਸ਼ਾਨ ਟਰੈਕਟਰ ਰਾਹੀਂ 746 ਵੋਟਾਂ ਦੇ ਫਰਕ ਨਾਲ ਜੇਤੂ ਰਹੇ।ਅੱਜ ਸਵੇਰ ਤੋਂ ਹੀ ਵੋਟਰਾਂ ਵਲੋਂ ਉਤਸ਼ਾਹ ਨਾਲ ਆਪਣੀਆਂ ਵੋਟਾਂ ਪਾਈਆਂ ਗਈਆਂ ਅਤੇ ਬਜ਼ੁਰਗ ਵੋਟਰਾਂ ਦੇ ਭੁਗਤਾਨ ਲਈ ਦੋਵਾਂ ਧੜ੍ਹਿਆਂ ‘ਚ ਮਾਮੂਲੀ ਨੋਕ-ਝੋਕ ਵੀ ਹੋਈ ਪਰੰਤੂ ਸਮੁੱਚੀ ਚੋਣ ਪ੍ਰਕਿਰਿਆ ਸਖ਼ਤ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਅਮਨ-ਅਮਾਨ ਨਾਲ ਮੁਕੰਮਲ ਹੋਈ । ਜਿਉਂ ਹੀ ਜੇਤੂ ਉਮੀਦਵਾਰ ਜਸਵਿੰਦਰ ਸਿੰਘ ਬਿੱਟੂ ਜੇਤੂ ਸਰਟੀਫਿਕੇਟ ਲੈ ਕੇ ਚੋਣ ਬੂਥ ਤੋਂ ਭੰਗੜਾ ਪਾਉਂਦੇ ਬਾਹਰ ਨਿਕਲੇ ਤਾਂ ਵਰਕਰਾਂ ਤੇ ਸਮਰਥਕ ਵੀ ਖੁਸ਼ੀ 'ਚ ਭੰਗੜਾ ਪਾਉਣ ਲਗੇ।