ਪਰਚੀ ਕੱਟਣ ਨੂੰ ਲੈ ਕੇ ਸਿਵਲ ਹਸਪਤਾਲ ’ਚ ਹੰਗਾਮਾ
ਜਲੰਧਰ, 28 ਜੁਲਾਈ- ਸਿਵਲ ਹਸਪਤਾਲ ਵਿਚ ਕੱਲ੍ਹ ਆਕਸੀਜਨ ਪਲਾਂਟ ਵਿਚ ਖਰਾਬੀ ਕਾਰਨ 3 ਮਰੀਜ਼ਾਂ ਦੀ ਮੌਤ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਅੱਜ ਸਵੇਰੇ ਇਕ ਨਵੇਂ ਮਾਮਲੇ ਨੂੰ ਲੈ ਕੇ ਹਸਪਤਾਲ ਵਿਚ ਹੰਗਾਮਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਮਰੀਜ਼ ਅਤੇ ਸਟਾਫ਼ ਕਰਮਚਾਰੀਆਂ ਵਿਚਕਾਰ ਪਰਚੀ ਕੱਟਣ ਨੂੰ ਲੈ ਕੇ ਝਗੜਾ ਹੋਇਆ। ਇਸ ਦੌਰਾਨ ਦੋਵਾਂ ਵਿਚਕਾਰ ਝਗੜਾ ਇੰਨਾ ਵੱਧ ਗਿਆ ਕਿ ਦੋਵਾਂ ਨੇ ਇਕ ਦੂਜੇ ’ਤੇ ਗਾਲੀ-ਗਲੋਚ ਅਤੇ ਹੱਥੋਪਾਈ ਦਾ ਦੋਸ਼ ਲਗਾਇਆ ਹੈ। ਇਸ ਘਟਨਾ ਨੂੰ ਲੈ ਕੇ ਹਸਪਤਾਲ ਵਿਚ ਵੱਡਾ ਹੰਗਾਮਾ ਹੋ ਗਿਆ।
ਹਸਪਤਾਲ ਦੇ ਸਟਾਫ਼ ਕਰਮਚਾਰੀ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਰੀਜ਼ ਲਾਈਨ ਤੋੜ ਕੇ ਪਰਚੀ ਕੱਟਣ ਆਇਆ ਸੀ। ਇਸ ਦੌਰਾਨ ਸਟਾਫ਼ ਕਰਮਚਾਰੀ ਨੇ ਉਸ ਨੂੰ ਲਾਈਨ ਵਿਚ ਆ ਕੇ ਕੰਮ ਕਰਵਾਉਣ ਲਈ ਕਿਹਾ। ਰਵਿੰਦਰ ਨੇ ਦੋਸ਼ ਲਗਾਇਆ ਹੈ ਕਿ ਮਰੀਜ਼ ਨੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਹਰ ਆਉਣ ਦੀ ਧਮਕੀ ਦੇਣ ਲੱਗ ਪਿਆ। ਰਵਿੰਦਰ ਨੇ ਕਿਹਾ ਕਿ ਜਦੋਂ ਦੂਜੇ ਸਟਾਫ਼ ਕਰਮਚਾਰੀ ਨੇ ਉਸ ਨੂੰ ਗਾਲੀ-ਗਲੋਚ ਕਰਨ ਤੋਂ ਰੋਕਿਆ ਤਾਂ ਮਰੀਜ਼ ਨੇ ਉਸ ’ਤੇ 3 ਹਜ਼ਾਰ ਰੁਪਏ ਲੈਣ ਦਾ ਦੋਸ਼ ਲਗਾਇਆ।
ਰਵਿੰਦਰ ਸਿੰਘ ਨੇ ਕਿਹਾ ਕਿ ਉਹ ਘਟਨਾ ਬਾਰੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰੇਗਾ। ਸਟਾਫ਼ ਮੈਂਬਰ ਨੇ ਕਿਹਾ ਕਿ ਕਤਾਰ ਵਿਚ ਖੜ੍ਹੇ ਹੋਰ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਪ੍ਰਸ਼ਾਸਨ ਨੂੰ ਸੁਰੱਖਿਆ ਤਾਇਨਾਤ ਕਰਨ ਦੀ ਅਪੀਲ ਕੀਤੀ। ਮਰੀਜ਼ ਨੇ ਕਿਹਾ ਕਿ ਉਹ ਡਾਕਟਰ ਨੂੰ ਮਿਲਣ ਲਈ ਸਲਿੱਪ ਲੈਣ ਲਈ ਕਤਾਰ ਵਿਚ ਖੜ੍ਹਾ ਸੀ। ਜਦੋਂ ਸਲਿੱਪ ਜਾਰੀ ਕੀਤੀ ਜਾ ਰਹੀ ਸੀ, ਤਾਂ ਇਕ ਸਟਾਫ਼ ਮੈਂਬਰ ਨੇ ਉਸ ਨਾਲ ਦੁਰ-ਵਿਵਹਾਰ ਕੀਤਾ ਅਤੇ ਉਸ ਵਿਰੁੱਧ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ। ਮਰੀਜ਼ ਨੇ ਕਿਹਾ ਕਿ ਦੋ ਸਟਾਫ਼ ਮੈਂਬਰਾਂ ਨੇ ਉਸ ਨਾਲ ਹੱਥੋਪਾਈ ਕੀਤੀ।
ਇਸ ਘਟਨਾ ਨੂੰ ਲੈ ਕੇ ਹਸਪਤਾਲ ਵਿਚ ਵੱਡਾ ਹੰਗਾਮਾ ਹੋਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਮਾਮਲਾ ਸ਼ਾਂਤ ਕਰਵਾਇਆ। ਪਰ ਦੂਜੇ ਪਾਸੇ, ਮਰੀਜ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਹਸਪਤਾਲ ਵਿਚ ਧਰਨਾ ਦੇ ਕੇ ਬੈਠੇਗਾ।