ਐਂਟੀ ਡਰੋਨ ਸਿਸਟਮ ਪੁਲਿਸ ਬੇੜੇ 'ਚ ਸ਼ਾਮਿਲ ਹੋਣ ਨਾਲ ਭਾਰਤ 'ਚ ਪਹਿਲਾ ਸੂਬਾ ਬਣਿਆ ਪੰਜਾਬ - ਮੰਤਰੀ ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 9 ਅਗਸਤ (ਅਜਾਇਬ ਔਜਲਾ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਖੁਲਾਸਾ ਕੀਤਾ ਕਿ ਪੰਜਾਬ ਭਾਰਤ ਵਿਚ ਪਹਿਲਾ ਸੂਬਾ ਬਣਿਆ ਹੈ, ਜਿਸ ਕੋਲ ਐਂਟੀ ਡਰੋਨ ਸਿਸਟਮ ਪੁਲਿਸ ਬੇੜੇ ਵਿਚ ਸ਼ਾਮਿਲ ਕੀਤੇ ਹਨ। ਇਸ ਬਾਰੇ ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸਿਸਟਮ ਲਈ 51 ਕਰੋੜ 41 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਕਾਰਜ ਲਈ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਚੇਚੇ ਤੌਰ ਉਤੇ ਸ਼ਲਾਘਾ ਵੀ ਕੀਤੀ। ਯੁੱਧ ਨਸ਼ਿਆਂ ਵਿਰੁੱਧ ਦੀ ਗੱਲ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਇਹ ਵੀ ਦੱਸਿਆ ਕਿ ਇਸ ਧੰਦੇ ਵਿਚ ਸ਼ਾਮਿਲ 178 ਲੋਕਾਂ ਦੇ ਘਰਾਂ ਨੂੰ ਢਾਹਿਆ ਵੀ ਗਿਆ ਹੈ। ਹਰਪਾਲ ਸਿੰਘ ਚੀਮਾ ਦਾ ਇਹ ਵੀ ਕਹਿਣਾ ਸੀ ਕਿ ਉਨ੍ਹਾਂ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਇਕ ਕਮੇਟੀ ਬਣਾਈ ਗਈ ਸੀ ਜੋ ਨਿਰੰਤਰ ਆਪਣੀ ਚੰਗੀ ਕਾਰਗੁਜ਼ਾਰੀ ਨਾਲ ਚੰਗੇ ਨਤੀਜੇ ਦੇ ਰਹੀ ਹੈ।