ਨੌਜਵਾਨ ਦੀ ਮੌਤ 'ਤੇ ਪਰਿਵਾਰ ਨੇ ਨਿੱਜੀ ਹਸਪਤਾਲ ਦੇ ਡਾਕਟਰਾਂ 'ਤੇ ਲਾਪ੍ਰਵਾਹੀ ਦੇ ਲਗਾਏ ਆਰੋਪ

ਭੁਲੱਥ, 9 ਅਗਸਤ (ਮੇਹਰ ਚੰਦ ਸਿੱਧੂ)-ਇਥੋਂ ਨਾਲ ਲੱਗਦੇ ਪਿੰਡ ਕਮਰਾਏ ਦੇ ਵਸਨੀਕ ਹਰਜਿੰਦਰ ਕੌਰ ਪਤਨੀ ਪਰਮਜੀਤ ਸਿੰਘ ਵਲੋਂ ਪੁਲਿਸ ਪ੍ਰਸ਼ਾਸਨ ਭੁਲੱਥ ਨੂੰ ਲਿਖਤੀ ਦਰਖਾਸਤ ਦਿੰਦਿਆਂ ਭੁਲੱਥ ਦੇ ਕਰਤਾਰਪੁਰ ਰੋਡ ਉਤੇ ਸਥਿਤ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ ਉਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਮੇਰਾ ਬੇਟਾ ਕਰਨਦੀਪ ਸਿੰਘ ਜਿਸ ਦੀ ਉਮਰ 19 ਸਾਲ ਸੀ, ਬੀਤੇ ਦਿਨੀਂ ਬੀਮਾਰ ਹੋ ਗਿਆ, ਜਿਸ ਨੂੰ ਅਸੀਂ ਇਲਾਜ ਕਰਵਾਉਣ ਲਈ ਇਕ ਨਿੱਜੀ ਹਸਪਤਾਲ (ਪ੍ਰਾਈਵੇਟ) ਲੈ ਕੇ ਆਏ, ਜਿਥੇ ਹਸਪਤਾਲ ਦੇ ਡਾਕਟਰਾਂ ਵਲੋਂ ਤਿੰਨ ਦਿਨ ਆਪਣੇ ਹਸਪਤਾਲ ਰੱਖਿਆ ਤੇ ਇਲਾਜ ਕਰਦੇ ਰਹੇ, ਤੀਜੇ ਦਿਨ ਜਦੋਂ ਮੇਰੇ ਬੇਟੇ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਤਾਂ ਹਸਪਤਾਲ ਦੇ ਡਾਕਟਰ ਆਪਣੀ ਗੱਡੀ ਵਿਚ ਬਿਠਾ ਕੇ ਮੇਰੇ ਬੇਟੇ ਕਰਨਦੀਪ ਸਿੰਘ ਨੂੰ ਘਰ ਛੱਡ ਕੇ ਚਲੇ ਗਏ ਤੇ ਕਿਹਾ ਕਿ ਅਸੀਂ ਕਰਮਦੀਪ ਨੂੰ ਇੰਜੈਕਸ਼ਨ ਲਗਾ ਦਿੱਤਾ ਹੈ ਤੇ ਲੜਕਾ ਹੁਣ ਠੀਕ ਹੈ ਪਰ ਕੁਝ ਸਮੇਂ ਬਾਅਦ ਹੀ ਮੇਰੇ ਬੇਟੇ ਦੀ ਹਾਲਤ ਜ਼ਿਆਦਾ ਖਰਾਬ ਹੁੰਦੀ ਦੇਖ ਕੇ ਅਸੀਂ ਪਹਿਲਾਂ ਸੈਕਰਡ ਹਸਪਤਾਲ ਮਕਸੂਦਾਂ ਲੈ ਕੇ ਗਏ, ਜਿਥੇ ਡਾਕਟਰਾਂ ਨੇ ਜਵਾਬ ਦੇ ਦਿੱਤਾ, ਜਿਸ ਨੂੰ ਬਾਅਦ ਵਿਚ ਅਸੀਂ ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ ਲੈ ਗਏ, ਜਿਥੇ ਇਲਾਜ ਦੌਰਾਨ ਮੇਰੇ ਬੇਟੇ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਮੇਰੀ ਬੇਟੇ ਦੀ ਮੌਤ ਡਾਕਟਰ ਦੀ ਲਾਪ੍ਰਵਾਹੀ ਕਰਕੇ ਹੋਈ ਹੈ, ਇਸ ਸਬੰਧ ਵਿਚ ਪਿੰਡ ਕਮਰਾਏ ਦੇ ਮੋਹਤਬਰ ਵਿਅਕਤੀਆਂ ਦੀ ਅਗਵਾਈ ਵਿਚ ਲੋਕਾਂ ਵਲੋਂ ਕਰਤਾਰਪੁਰ ਰੋਡ ਉਤੇ ਸਥਿਤ ਨਿੱਜੀ ਹਸਪਤਾਲ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਮੌਕੇ ਉਤੇ ਪਹੁੰਚ ਕੇ ਐਸ. ਐਚ. ਓ. ਰਣਜੀਤ ਸਿੰਘ ਵਲੋਂ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਇਨਸਾਫ ਮਿਲੇਗਾ ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੂਜੇ ਪਾਸੇ ਨਿੱਜੀ ਹਸਪਤਾਲ ਦੇ ਡਾਕਟਰ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਉਤੇ ਲਗਾਏ ਦੋਸ਼ ਬੇਬੁਨਿਆਦ ਹਨ। ਕਰਨਦੀਪ ਦੀ ਮੌਤ ਸਾਡੀ ਲਾਪ੍ਰਵਾਹੀ ਕਰਕੇ ਨਹੀਂ ਹੋਈ, ਅਸੀਂ ਬੱਚੇ ਦੀ ਹਾਲਤ ਦੇਖਦੇ ਹੋਏ ਪਹਿਲਾਂ ਹੀ ਪਰਿਵਾਰਕ ਮੈਂਬਰਾਂ ਨੂੰ ਜਲੰਧਰ ਲਿਜਾਣ ਲਈ ਸਲਾਹ ਦੇ ਦਿੱਤੀ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਸੁਖਦੇਵ ਸਿੰਘ ਕਮਰਾਏ, ਸਾਬਕਾ ਕੌਂਸਲਰ ਸੰਤੋਖ ਸਿੰਘ, ਨੰਬਰਦਾਰ ਸੁਖਜਿੰਦਰ ਸਿੰਘ ਮੁਲਤਾਨੀ, ਬਲਵਿੰਦਰ ਸਿੰਘ ਯੂ. ਐਸ. ਏ., ਠੇਕੇਦਾਰ ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ, ਸਾਬਕਾ ਕੌਂਸਲਰ ਪਰਮਜੀਤ ਸਿੰਘ ਕਮਰਾਏ, ਅਬ ਦੇਸ਼ ਕੁਮਾਰ ਯਾਦਵ, ਮੱਖਣ ਸਿੰਘ, ਸੰਤੋਖ ਸਿੰਘ ਕਮਰਾਏ, ਨਿਰੰਜਨ ਸਿੰਘ ਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰ ਹਾਜ਼ਰ ਸਨ।