2 ਪਿਸਤੌਲਾਂ, ਹੈਰੋਇਨ ਤੇ ਗੱਡੀ ਸਮੇਤ ਇਕ ਵਿਅਕਤੀ ਕਾਬੂ

ਰਾਜਾਸਾਂਸੀ, 9 ਅਗਸਤ (ਹਰਦੀਪ ਸਿੰਘ ਖੀਵਾ)-ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਅਨੁਸਾਰ ਮਨਿੰਦਰ ਸਿੰਘ ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੀ ਅਗਵਾਈ ਹੇਠ ਥਾਣਾ ਕੰਬੋਅ ਪੁਲਿਸ ਅਤੇ ਏ. ਐਨ. ਟੀ. ਐਫ. ਟੀਮ ਦੀ ਸਾਂਝੀ ਕਾਰਵਾਈ ਦੌਰਾਨ ਦੋ ਪਿਸਤੌਲ 9 ਐਮ. ਐਮ. ਸਮੇਤ 3 ਮੈਗਜ਼ੀਨ ਅਤੇ ਤਿੰਨ ਜ਼ਿੰਦਾ ਰੌਂਦ (9 ਐਮ. ਐਮ.) 60 ਗ੍ਰਾਮ ਹੈਰੋਇਨ ਅਤੇ ਇਕ ਫਾਰਚੂਨਰ ਗੱਡੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਗੁਪਤ ਸੂਚਨਾ ਮਿਲੀ ਸੀ ਕਿ ਯੁਵਰਾਜਦੀਪ ਸਿੰਘ ਉਰਫ ਯੂਵੀ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ ਅਤੇ ਉਹ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਦੇ ਆਸ-ਪਾਸ ਖੇਤਰਾਂ ਵਿਚ ਸਪਲਾਈ ਕਰਦਾ ਹੈ, ਜਿਸ ਸਬੰਧੀ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਥਾਣਾ ਕੰਬੋਅ ਪੁਲਿਸ ਅਤੇ ਐਨ. ਟੀ. ਐਫ. ਦੀ ਟੀਮ ਵਲੋਂ ਨਾਕਾਬੰਦੀ ਕਰਕੇ ਉਕਤ ਯੁਵਰਾਜਦੀਪ ਸਿੰਘ ਪੁੱਤਰ ਚੰਦ ਮਸੀਹ ਵਾਸੀ ਫਤਹਿਗੜ੍ਹ ਚੂੜੀਆਂ ਰੋਡ, ਵਰਿੰਦਾਵਨ ਗਾਰਡਨ, ਅੰਮ੍ਰਿਤਸਰ ਨੂੰ ਉਕਤ ਸਾਮਾਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ।
ਇਸ ਸਬੰਧੀ ਉਕਤ ਦੋਸ਼ੀ ਖਿਲਾਫ ਥਾਣਾ ਕੰਬੋਅ ਵਿਖੇ ਨਸ਼ੀਲੇ ਪਦਾਰਥਾਂ, ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਉਕਤ ਗ੍ਰਿਫਤਾਰ ਵਿਅਕਤੀ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਇਸ ਦੇ ਅਗਲੇ ਅਤੇ ਪਿਛਲੇ ਸਬੰਧਾਂ ਨੂੰ ਚੰਗੀ ਤਰ੍ਹਾਂ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਖਿਲਾਫ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।