ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵੱਧ ਕੇ ਹੋਇਆ 1 ਲੱਖ 6700 ਕਿਊਸਿਕ

ਹਰੀਕੇ ਪੱਤਣ, (ਤਰਨਤਾਰਨ), 21 ਅਗਸਤ (ਸੰਜੀਵ ਕੁੰਦਰਾ)- ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿਚ ਬਾਰਿਸ਼ਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਕਾਰਨ ਨਦੀਆਂ ਅਤੇ ਦਰਿਆ ਉਫ਼ਾਨ ’ਤੇ ਹਨ ਤੇ ਡੈਮਾਂ ਵਿਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਪਿਛਲੇ 15 ਦਿਨਾਂ ਤੋਂ ਪਾਣੀ ਦਾ ਪੱਧਰ ਵਧਿਆ ਹੋਇਆ ਹੈ।
ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਪਾਣੀ ਨੇ ਹਰੀਕੇ ਹਥਾੜ ਖੇਤਰ ਵਿਚ ਵੱਡੀ ਤਬਾਹੀ ਕਰ ਦਿੱਤੀ ਹੈ। 18 ਅਗਸਤ ਨੂੰ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਕੁਝ ਘੱਟ ਜਾਣ ਕਾਰਨ ਰਾਹਤ ਦੀ ਖ਼ਬਰ ਸੀ ਪਰ ਬੀਤੇ ਕੱਲ੍ਹ ਤੋਂ ਫਿਰ ਪਾਣੀ ਵੱਧਣਾ ਸ਼ੁਰੂ ਹੋ ਗਿਆ। ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ 21 ਅਗਸਤ ਨੂੰ ਸਵੇਰੇ 8 ਵਜੇ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿਚ ਪਾਣੀ ਦਾ ਪੱਧਰ ਵੱਧ ਕੇ 1 ਲੱਖ 6700 ਕਿਊਸਿਕ ਹੋ ਗਿਆ, ਜਦ ਕਿ ਬੀਤੇ ਕੱਲ੍ਹ ਇਹ 97000 ਕਿਊਸਿਕ ਸੀ। ਹੈੱਡ ਵਰਕਸ ਤੋਂ ਅੱਜ ਡਾਊਨ ਸਟਰੀਮ ਨੂੰ 84700 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਦੋਂ ਕਿ ਬੀਤੇ ਕੱਲ੍ਹ ਇਹ 75000 ਕਿਊਸਿਕ ਸੀ।
ਜਾਣਕਾਰੀ ਅਨੁਸਾਰ ਅਜੇ ਪਾਣੀ ਹੋਰ ਵੱਧਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਹਰੀਕੇ ਹਥਾੜ ਖੇਤਰ ਵਿਚ ਜ਼ਿਲ੍ਹਾ ਤਰਨਤਾਰਨ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਦਰਜਨਾਂ ਪਿੰਡਾਂ ਦੀ ਜ਼ਮੀਨ ਹੜਾਂ ਦੀ ਮਾਰ ਹੇਠ ਹੈ ਤੇ ਹਜ਼ਾਰਾਂ ਏਕੜ ਫਸਲ ਪਾਣੀ ਦੀ ਭੇਟ ਚੜ੍ਹ ਚੁੱਕੀ ਹੈ। ਹਰੀਕੇ ਹਥਾੜ ਖੇਤਰ ਦੇ ਲੋਕ, ਜੋ ਕਿ ਪਹਿਲਾਂ 2023 ਵਿਚ ਹੜਾਂ ਦੀ ਮਾਰ ਝੱਲ ਚੁੱਕੇ ਹਨ ਤੇ ਹੁਣ ਫਿਰ ਮਾਰ ਨੇ ਕਿਸਾਨਾਂ ਨੂੰ ਬਹੁਤ ਵੱਡੀ ਮਾਰ ਮਾਰੀ ਹੈ। ਲੋਕ ਬੁਰੀ ਤਰ੍ਹਾਂ ਨਿਰਾਸ਼ ਹਨ ਅਤੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾ ਰਹੇ ਹਨ।