ਜੰਮੂ-ਕਸ਼ਮੀਰ: ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਖੱਡ ਵਿਚ ਡਿੱਗੀ

ਸਾਂਬਾ/ਜੰਮੂ, 21 ਅਗਸਤ - ਮਾਤਾ ਵੈਸ਼ਨੋ ਦੇਵੀ ਤੀਰਥ ਸਥਾਨ ’ਤੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਅੱਜ ਜੰਮੂ-ਪਠਾਨਕੋਟ ਹਾਈਵੇਅ ਤੋਂ ਤਿਲਕ ਕੇ ਖੱਡ ਵਿਚ ਡਿੱਗ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 39 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਵਲੋਂ ਸਾਂਝੀ ਕੀਤੀ ਗਈ।
ਜਾਣਕਾਰੀ ਅਨੁਸਾਰ ਇਹ ਹਾਦਸਾ ਜਟਵਾਲ ਵਿਚ ਉਸ ਸਮੇਂ ਵਾਪਰਿਆ, ਜਦੋਂ ਉੱਤਰ ਪ੍ਰਦੇਸ਼ ਤੋਂ ਕਟੜਾ ਜਾ ਰਹੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਦਾ ਟਾਇਰ ਫਟ ਗਿਆ ਅਤੇ ਇਕ ਛੋਟੇ ਪੁਲ ਦੇ ਨੇੜੇ ਹਾਈਵੇਅ ਤੋਂ ਤਿਲਕ ਗਈ। ਉਨ੍ਹਾਂ ਨੇ ਅੱਗੇ ਕਿਹਾ ਕਿ ਮ੍ਰਿਤਕ ਦੀ ਪਛਾਣ ਅਮਰੋਹਾ ਦੇ 45 ਸਾਲਾ ਇਕਬਾਲ ਸਿੰਘ ਵਜੋਂ ਹੋਈ ਹੈ।
ਬਚਾਅ ਕਾਰਜ ਸ਼ੁਰੂ ਕੀਤਾ ਗਿਆ ਹੈ ਅਤੇ ਜ਼ਖਮੀਆਂ ਨੂੰ ਸਾਂਬਾ ਦੇ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਵਿਚੋਂ ਸੱਤ ਨੂੰ ਬਾਅਦ ਵਿਚ ਏਮਜ਼ ਵਿਜੇਪੁਰ ਵਿਚ ਦਾਖਲ ਕਰਵਾਇਆ ਗਿਆ।