ਕੁੱਟਮਾਰ ਦਾ ਸ਼ਿਕਾਰ ਜ਼ਿੰਬਾਬਵੇ ਦੇ ਵਿਦਿਆਰਥੀ ਨੇ ਜ਼ਖਮੀ ਦੌਰਾਨ ਤੋੜਿਆ ਦਮ

ਤਲਵੰਡੀ ਸਾਬੋ, (ਬਠਿੰਡਾ), 21 ਅਗਸਤ (ਰਣਜੀਤ ਸਿੰਘ ਰਾਜੂ)- ਬੀਤੀ 13 ਅਗਸਤ ਨੂੰ ਕੁਝ ਵਿਅਕਤੀਆਂ ਵਲੋਂ ਕੀਤੇ ਹਮਲੇ ’ਚ ਗੰਭੀਰ ਜ਼ਖਮੀ ਹੋਏ ਸਥਾਨਕ ਇਕ ਨਿੱਜੀ ਯੂਨੀਵਰਸਿਟੀ ’ਚ ਬੀ.ਐਸ. ਸੀ. ਦੀ ਪੜਾਈ ਕਰਦੇ ਜ਼ਿੰਬਾਬਵੇ ਦੇਸ਼ ਦੇ ਵਿਦਿਆਰਥੀ ਜਿਵਿਆ ਲੀਰੌਏ ਦੀ ਅੱਜ ਇਲਾਜ ਦੌਰਾਨ ਏਮਜ਼ ਬਠਿੰਡਾ ’ਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਉਕਤ ਵਿਦੇਸ਼ੀ ਮੂਲ ਦੇ ਵਿਦਿਆਰਥੀ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਐੱਸ. ਪੀ. (ਜਾਂਚ) ਬਠਿੰਡਾ ਜਸਮੀਤ ਸਿੰਘ ਸਾਹੀਵਾਲ ਨੇ ਦੱਸਿਆ ਕਿ ਹਮਲੇ ਦੇ ਬਾਅਦ ਤੋਂ ਹੀ ਜ਼ਿੰਬਾਬਵੇ ਦਾ ਉਕਤ ਵਿਦਿਆਰਥੀ ਏਮਜ਼ ਬਠਿੰਡਾ ’ਚ ਜ਼ੇਰੇ ਇਲਾਜ ਸੀ ਅਤੇ ਅੱਜ ਕੁਝ ਸਮਾਂ ਪਹਿਲਾਂ ਹੀ ਉਸ ਨੇ ਦਮ ਤੋੜ ਦਿੱਤਾ।
ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਉੱਕਤ ਮਾਮਲੇ ’ਚ ਹੁਣ ਤੱਕ ਕੁੱਲ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਕ ਵਿਅਕਤੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗੁਰੂ ਕਾਸ਼ੀ ਯੂਨੀਵਰਸਿਟੀ ’ਚ ਪੜਦੇ ਵਿਦੇਸ਼ੀ ਮੂਲ ਦੇ ਵਿਦਿਆਰਥੀ ਦੀ ਮੌਤ ਹੋ ਜਾਣ ’ਤੇ ਯੂਨੀਵਰਸਿਟੀ ’ਚ ਪੜਦੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੇ ਦੁੱਖ ਪ੍ਰਗਟ ਕੀਤਾ ਹੈ।