ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਲਗਾਏ ਕੈਂਪ ਨੂੰ ਲੈ ਕੇ ਪੁਲਿਸ ਨੇ ਭਾਜਪਾ ਆਗੂਆਂ ਨੂੰ ਹਿਰਾਸਤ 'ਚ ਲਿਆ

ਗੁਰਦਾਸਪੁਰ, 21 ਅਗਸਤ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਚੇਚੀਆਂ ਛੋੜੀਆਂ ਵਿਖੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਭਾਜਪਾ ਆਗੂ ਤੇ ਵਰਕਰਾਂ ਵਲੋਂ ਭਾਰਤ ਸਰਕਾਰ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਦੇ ਕਾਰਡ ਆਦਿ ਬਣਾਏ ਜਾ ਰਹੇ ਹਨ ਪਰ ਸਰਕਾਰ ਨੇ 20 ਦੇ ਕਰੀਬ ਆਗੂਆਂ ਨੂੰ ਹਿਰਾਸਤ ਵਿਚ ਲੈ ਕੇ ਬਹਿਰਾਮਪੁਰ ਥਾਣੇ ਵਿਚ ਬੰਦ ਕਰ ਦਿੱਤਾ, ਜਿਸ ’ਤੇ ਭਾਜਪਾ ਆਗੂਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਨ੍ਹਾਂ ਹਿਰਾਸਤ ਵਿਚ ਲਏ ਆਗੂਆਂ ’ਚ ਭਾਜਪਾ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ, ਜਨਰਲ ਸਕੱਤਰ ਪੰਜਾਬ ਤੇ ਹਲਕਾ ਇੰਚਾਰਜ ਦੀਨਾਨਗਰ ਰੇਣੂ ਕਸ਼ਯਪ, ਆਰ.ਕੇ. ਨਡਾਲਾ ਸਣੇ ਭਾਜਪਾ ਆਗੂ ਤੇ ਵਰਕਰ ਸ਼ਾਮਿਲ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਭਾਜਪਾ ਆਗੂਆਂ ਵਲੋਂ ਕੈਂਪ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ ਸੀ, ਜਿਸ ਕਰਕੇ ਪੁਲਿਸ ਵਲੋਂ ਇਹ ਕਾਰਵਾਈ ਕੀਤੀ ਗਈ ਹੈ।