JALANDHAR WEATHER

ਤਿੰਨ ਫਰਜ਼ੀ ਕਾਲ ਸੈਂਟਰਾਂ 'ਤੇ ਛਾਪੇਮਾਰੀ ਦੌਰਾਨ 85 ਲੋਕ ਗ੍ਰਿਫਤਾਰ

ਪੰਚਕੂਲਾ, 21 ਅਗਸਤ (ਕਪਿਲ)-ਸਾਈਬਰ ਥਾਣਾ ਪੁਲਿਸ ਅਤੇ ਚੰਡੀ ਮੰਦਿਰ ਥਾਣਾ ਪੁਲਿਸ ਵਲੋਂ ਸਮੂਹਿਕ ਰੂਪ ਨਾਲ ਛਾਪੇਮਾਰੀ ਕਰਕੇ ਅੰਤਰਰਾਸ਼ਟਰੀ ਠੱਗ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ। ਡੀ.ਸੀ.ਪੀ. ਕ੍ਰਾਈਮ ਮਨਪ੍ਰੀਤ ਸੂਦਨ ਅਤੇ ਡੀ.ਸੀ.ਪੀ. ਲਾਅ ਐਂਡ ਆਰਡਰ ਦੀ ਅਗਵਾਈ ਵਿਚ ਛਾਪੇਮਾਰੀ ਹੋਈ। 15 ਘੰਟੇ ਚੱਲੀ ਛਾਪੇਮਾਰੀ ਵਿਚ 150 ਕੰਪਿਊਟਰ, 140 ਮੋਬਾਇਲ ਅਤੇ 12 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। 85 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਆਈ.ਟੀ. ਪਾਰਕ ਵਿਚ ਤਿੰਨ ਫਰਜ਼ੀ ਕੋਲ ਸੈਂਟਰਾਂ ਉੱਤੇ ਛਾਪੇਮਾਰੀ ਕੀਤੀ ਹੈ। 

ਦੱਸ ਦਈਏ ਕਿ ਹਰਿਆਣਾ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਸਾਈਬਰ ਅਪਰਾਧੀਆਂ ਵਿਰੁੱਧ ਵੱਡਾ ਐਕਸ਼ਨ ਕੀਤਾ। ਡੀ.ਜੀ.ਪੀ. ਹਰਿਆਣਾ ਦੇ ਨਿਰਦੇਸ਼ਾਂ 'ਤੇ ਪੰਚਕੂਲਾ ਪੁਲਿਸ ਅਤੇ ਸਾਈਬਰ ਹਰਿਆਣਾ ਦੀ ਟੀਮ ਨੇ ਪੰਚਕੂਲਾ ਦੇ ਆਈ.ਟੀ. ਪਾਰਕ ਵਿਚ ਚੱਲ ਰਹੇ ਤਿੰਨ ਜਾਅਲੀ ਕਾਲ ਸੈਂਟਰਾਂ 'ਤੇ ਛਾਪਾ ਮਾਰਿਆ ਅਤੇ 85 ਲੋਕਾਂ ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਇਨ੍ਹਾਂ ਕਾਲ ਸੈਂਟਰਾਂ ਦੇ ਮਾਲਕ ਅਤੇ ਕਰਮਚਾਰੀ ਦੋਵੇਂ ਸ਼ਾਮਿਲ ਹਨ। ਇਹ ਕਾਲ ਸੈਂਟਰ ਦੇਸ਼ ਅਤੇ ਵਿਦੇਸ਼ਾਂ, ਖਾਸ ਕਰਕੇ ਅਮਰੀਕਾ ਅਤੇ ਯੂਰਪ ਦੇ ਨਾਗਰਿਕਾਂ ਨੂੰ ਧੋਖਾ ਦੇਣ ਲਈ ਸੰਗਠਿਤ ਢੰਗ ਨਾਲ ਕੰਮ ਕਰ ਰਹੇ ਸਨ। ਇਹ ਕਾਰਵਾਈ ਸਾਈਬਰ ਅਪਰਾਧ ਵਿਰੁੱਧ ਸਖ਼ਤ ਨਿਗਰਾਨੀ ਅਤੇ ਤੁਰੰਤ ਕਾਰਵਾਈ ਲਈ ਹਰਿਆਣਾ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਜਾਂਚ ਤੋਂ ਪਤਾ ਲੱਗਾ ਹੈ ਕਿ ਕਾਲ ਸੈਂਟਰਾਂ ਵਿਚ ਕੰਮ ਕਰਨ ਵਾਲੇ ਅੰਗਰੇਜ਼ੀ ਬੋਲਣ ਵਾਲੇ ਕਰਮਚਾਰੀ ਆਪਣੇ-ਆਪ ਨੂੰ ਵੱਖ-ਵੱਖ ਸੇਵਾ ਪ੍ਰਦਾਨ ਕਰਨ ਵਾਲੇ ਅਤੇ ਹੈਲਪ ਡੈਸਕ ਸਟਾਫ ਵਜੋਂ ਪੇਸ਼ ਕਰਦੇ ਸਨ। ਉਹ ਲੋਕਾਂ ਨੂੰ ਮੁਫਤ ਸਹੂਲਤਾਂ ਅਤੇ ਯੋਜਨਾਵਾਂ ਦਾ ਲਾਲਚ ਦਿੰਦੇ ਸਨ। ਇਨ੍ਹਾਂ ਵਿਚ ਨਕਲੀ ਸਕੀਮਾਂ ਵੀ ਸ਼ਾਮਿਲ ਸਨ, ਜੋ ਪੀੜਤਾਂ ਦਾ ਵਿਸ਼ਵਾਸ ਜਿੱਤਣ ਲਈ ਭਾਰਤ ਦੀ ਬੀ.ਪੀ.ਐਲ. ਸਕੀਮ ਨਾਲ ਜੁੜੀਆਂ ਹੋਈਆਂ ਸਨ। ਇਕ ਵਾਰ ਵਿਸ਼ਵਾਸ ਪ੍ਰਾਪਤ ਹੋਣ ਤੋਂ ਬਾਅਦ, ਪੀੜਤਾਂ ਦਾ ਨਿੱਜੀ ਅਤੇ ਬੈਂਕਿੰਗ ਡੇਟਾ ਉਨ੍ਹਾਂ ਤੋਂ ਲੈ ਲਿਆ ਗਿਆ, ਜੋ ਬਾਅਦ ਵਿਚ ਸੰਗਠਿਤ ਅਪਰਾਧੀਆਂ ਨੂੰ ਵੇਚ ਦਿੱਤਾ ਜਾਂਦਾ ਸੀ। ਇਸ ਤੋਂ ਇਲਾਵਾ ਕਾਲ ਸੈਂਟਰ ਦੇ ਕਰਮਚਾਰੀਆਂ ਦੁਆਰਾ ਪੀੜਤਾਂ ਨੂੰ ਆਨਲਾਈਨ ਕੂਪਨ ਖਰੀਦਣ ਲਈ ਮਜਬੂਰ ਕੀਤਾ ਗਿਆ, ਜਿਨ੍ਹਾਂ ਨੂੰ ਅੱਗੇ ਬਿਟਕੋਇਨ ਵਿਚ ਬਦਲ ਦਿੱਤਾ ਗਿਆ ਅਤੇ ਹਵਾਲਾ ਨੈੱਟਵਰਕ ਰਾਹੀਂ ਪੈਸੇ ਪ੍ਰਾਪਤ ਕੀਤੇ ਗਏ।

ਕਾਰਵਾਈ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਵਿਚ ਡਿਜੀਟਲ ਉਪਕਰਣ ਅਤੇ ਨਕਦੀ ਬਰਾਮਦ ਕੀਤੀ। ਆਈ.ਟੀ .ਸਰਵਿਸਿਜ਼, ਆਈਸਪੇਸ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਤੋਂ 85 ਲੈਪਟਾਪ, 62 ਫੋਨ ਅਤੇ 8 ਲੱਖ 40 ਹਜ਼ਾਰ ਰੁਪਏ ਨਕਦ। ਇਕ ਕਾਲ ਸੈਂਟਰ ਤੋਂ 62 ਲੈਪਟਾਪ, 60 ਫੋਨ ਅਤੇ 73,176 ਰੁਪਏ ਨਕਦ ਜ਼ਬਤ ਕੀਤੇ ਅਤੇ ਤੀਜੇ ਕਾਲ ਸੈਂਟਰ ਤੋਂ 18 ਮੋਬਾਇਲ ਫੋਨ, 21 ਸੀ.ਪੀ.ਯੂ., ਇਕ ਲੈਪਟਾਪ ਅਤੇ 3,20,000 ਰੁਪਏ ਨਕਦ ਜ਼ਬਤ ਕੀਤੇ। ਇਸ ਮਾਮਲੇ ਵਿਚ ਪੰਚਕੂਲਾ ਪੁਲਿਸ ਵਲੋਂ ਤਿੰਨ ਵੱਖ-ਵੱਖ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਕਾਰਵਾਈ ਨੇ ਸਾਈਬਰ ਅਪਰਾਧੀਆਂ ਦੇ ਇਕ ਵੱਡੇ ਗਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੀਆਂ ਜੜ੍ਹਾਂ ਭਾਰਤ ਤੋਂ ਬਾਹਰ ਫੈਲੀਆਂ ਹੋ ਸਕਦੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ