ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਪੰਜਾਬ ਵਿਧਾਨ ਸਭਾ ਦੀਆਂ 3 ਉੱਚ ਤਾਕਤੀ ਕਮੇਟੀਆਂ ਦਾ ਮੈਂਬਰ ਕੀਤਾ ਨਾਮਜ਼ਦ

ਅਜਨਾਲਾ, 21 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੀ ਸਿਆਸਤ ਵਿਚ ਬੇਬਾਕ ਤੇ ਨਿਧੜਕ ਆਗੂ ਅਤੇ ਆਪਣੇ ਨਿਵੇਕਲੇ ਕੰਮਾਂ ਨਾਲ ਜਾਣੇ ਜਾਣ ਵਾਲੇ ਬਤੌਰ ਪੰਚਾਇਤ ਮੰਤਰੀ ਪੰਜਾਬ ਦੀ ਲਗਭਗ 11000 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਵਾ ਕੇ ਪੰਚਾਇਤਾਂ ਦੇ ਹਵਾਲੇ ਕਰਨ ਅਤੇ ਐਨ.ਆਰ.ਆਈ. ਭਰਾਵਾਂ ਦੇ ਚਿਰਾਂ ਤੋਂ ਲਟਕਦੇ ਆ ਰਹੇ ਮਸਲੇ ਹੱਲ ਕਰਕੇ ਥੋੜ੍ਹੇ ਸਮੇਂ 'ਚ ਸਿਆਸੀ ਸਫ਼ਾਂ ਅੰਦਰ ਚਰਚਿਤ ਰਹਿਣ ਵਾਲੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਅਜਨਾਲਾ ਦੀ ਬਤੌਰ ਵਿਧਾਇਕ ਨੁਮਾਇੰਦਗੀ ਕਰ ਰਹੇ ਸ. ਕੁਲਦੀਪ ਸਿੰਘ ਧਾਲੀਵਾਲ ਜਿਨ੍ਹਾਂ ਨੂੰ ਬੇਸ਼ੱਕ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਪੰਜਾਬ ਦੀ ਵਜ਼ਾਰਤ ਤੋਂ ਪਾਸੇ ਕਰ ਦਿੱਤਾ ਗਿਆ ਸੀ ਪਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ. ਧਾਲੀਵਾਲ ਨੂੰ ਪੰਜਾਬ ਵਿਧਾਨ ਸਭਾ ਦੀਆਂ 3 ਉੱਚ ਤਾਕਤੀ ਕਮੇਟੀਆਂ ਪੰਜਾਬ ਸਰਕਾਰ ਸਥਾਨਕ ਸਰਕਾਰਾਂ ਕਮੇਟੀ, ਪੰਜਾਬ ਸਰਕਾਰ ਪਬਲਿਕ ਅੰਡਰਟੇਕਿੰਗ ਕਮੇਟੀ ਅਤੇ ਪੰਜਾਬ ਸਰਕਾਰ ਲੋਕ ਲੇਖਾ ਕਮੇਟੀ 'ਚ ਮੈਂਬਰ ਨਾਮਜ਼ਦ ਕੀਤਾ ਹੈ।
'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦਾ ਵਿਸ਼ੇਸ਼ ਤੌਰ ਉਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਨਵੀਂ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਮੁੱਖ ਮੰਤਰੀ ਸ. ਮਾਨ ਦੀਆਂ ਆਸਾਂ ਉਤੇ ਖਰੇ ਉੱਤਰਨਗੇ। ਸਾਬਕਾ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੂੰ 3 ਉੱਚ ਤਾਕਤੀ ਕਮੇਟੀਆਂ ਦਾ ਮੈਂਬਰ ਨਾਮਜ਼ਦ ਕੀਤੇ ਜਾਣ ਉਤੇ ਉਨ੍ਹਾਂ ਦੇ ਸਮਰਥਕਾਂ, ਚਾਹੁਣ ਵਾਲਿਆਂ ਅਤੇ ਹਲਕਾ ਅਜਨਾਲਾ ਦੇ 'ਆਪ' ਅਹੁਦੇਦਾਰਾਂ, ਆਗੂਆਂ ਅਤੇ ਵਲੰਟੀਅਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।