ਪਤੀ ਨੇ ਪਤਨੀ ਦਾ ਕਤਲ ਕਰਕੇ ਦੋਸਤ ਦੀ ਮਦਦ ਨਾਲ ਲਾਸ਼ ਬੈਗ ਵਿਚ ਪਾ ਕੇ ਨਹਿਰ ਸੁੱਟੀ
ਖਰੜ , 21 ਅਗਸਤ -( ਤਰਸੇਮ ਸਿੰਘ ਜੰਡਪੁਰੀ )- ਖਰੜ ਦੇ ਸ਼ਿਵਾਲਿਕ ਸਿਟੀ ਦੇ ਫਲੈਟ ਵਿਚ ਰਹਿੰਦੇ ਪਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰਨ ਉਪਰੰਤ ਆਪਣੇ ਦੋਸਤ ਨਾਲ ਮਿਲ ਕੇ ਲਾਸ਼ ਨੂੰ ਬੈਗ ਵਿਚ ਪਾ ਕੇ ਨਹਿਰ ਵਿਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਦੀ ਪਛਾਣ ਰਾਜ ਕੌਰ ਵਜੋਂ ਹੋਈ ਹੈ । ਪੁਲਿਸ ਨੇ ਮ੍ਰਿਤਕ ਦੇ ਪਤੀ ਕਮਲਜੀਤ ਸਿੰਘ ਪੁੱਤਰ ਸਵਰਨ ਸਿੰਘ ਸ਼ਿਵਾਲਿਕ ਸਿਟੀ ਅਤੇ ਸੁਖਦੀਪ ਸਿੰਘ ਉਰਫ ਡਿੰਪੀ ਬਾਸੀ ਬਡਾਲਾ ਦੇ ਖ਼ਿਲਾਫ਼ ਧਾਰਾ 103, 238 ਅਤੇ 3(5) ਅਧੀਨ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਸੰਬੰਧੀ ਮ੍ਰਿਤਕਾ ਦੇ ਭਰਾ ਕੁਲਦੀਪ ਸਿੰਘ ਇਆਲੀ ਖੁਰਦ ਜ਼ਿਲ੍ਹਾ ਲੁਧਿਆਣਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਭੈਣ ਰਾਜ ਕੌਰ ਦਾ 2023 ਵਿਚ ਕਮਲਜੀਤ ਸਿੰਘ ਨਾਲ ਵਿਆਹ ਹੋਇਆ ਸੀ ਤੇ ਉਸ ਦਾ ਜੀਜਾ ਸ਼ਰਾਬ ਪੀਣ ਦਾ ਆਦੀ ਹੋ ਗਿਆ।
ਇਸ ਕਰਕੇ ਉਸ ਦੀ ਭੈਣ ਉਸ ਦੇ ਪਤੀ ਨੂੰ ਨਸ਼ਾ ਕਰਨ ਤੋਂ ਰੋਕਦੀ ਸੀ , ਪਰ ਇਹ ਉਸ ਦੀ ਭੈਣ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਮਾਤਾ ਗੁਰਦੀਪ ਕੌਰ ਨੇ ਉਸ ਦੀ ਭੈਣ ਰਾਜ ਕੌਰ ਨੂੰ ਫ਼ੋਨ ਕੀਤਾ ਜੋ ਕਿ ਡਰੀ ਹੋਈ ਤੇ ਉਸ ਨੇ ਫ਼ੋਨ ਕੱਟ ਦਿੱਤਾ ਤੇ ਬਾਅਦ ਵਿਚ ਉਸ ਨੂੰ ਫੋਨ ਕਰਦੇ ਰਹੇ ਉਸ ਨੇ ਨਹੀਂ ਚੁੱਕਿਆ। ਫਿਰ ਉਨ੍ਹਾਂ ਰਾਜ ਕੌਰ ਦੇ ਪਤੀ ਕਮਲਜੀਤ ਸਿੰਘ ਨੂੰ ਫ਼ੋਨ ਕੀਤਾ ਜਿਸ ਨੇ ਉਸ ਦੀ ਭੈਣ ਬਾਰੇ ਕੁਝ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਰਾਜ ਕੌਰ ਘਰ ਛੱਡ ਕੇ ਕਿਤੇ ਚਲੀ ਗਈ ਹੈ ਜਿਸ ਬਾਰੇ ਮੈਨੂੰ ਨਹੀਂ ਪਤਾ। ਜਦੋਂ ਉਨ੍ਹਾਂ ਨੇ ਸਖ਼ਤੀ ਨਾਲ ਕਮਲਜੀਤ ਸਿੰਘ ਨੂੰ ਰਾਜ ਕੌਰ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਰਾਜ ਕੌਰ ਨੂੰ ਆਪਣੇ ਫਲੈਟ ਵਿਚ ਗਲੇ ਦੇ ਵਿਚ ਟੀ ਸ਼ਰਟ ਪਾ ਕੇ ਉਸ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਫਿਰ ਉਸ ਦੀ ਭੈਣ ਰਾਜ ਕੌਰ ਦੀ ਲਾਸ਼ ਨੂੰ ਇਕ ਵੱਡੇ ਬੈਗ ਵਿਚ ਪਾ ਕੇ ਆਪਣੇ ਦੋਸਤ ਸੁਖਦੀਪ ਸਿੰਘ ਉਰਫ ਡਿੰਪੀ ਦੀ ਮਦਦ ਨਾਲ ਗੱਡੀ ਵਿਚ ਪਾ ਕੇ ਪੱਕੀ ਨਹਿਰ ਪਿੰਡ ਦੁਗਰੀ ਕੋਟਲੀ ਨਹਿਰ ਵਿਚ ਸੁੱਟ ਦਿੱਤਾ ਹੈ ਅਤੇ ਬੈਗ ਨੂੰ ਵੀ ਵੱਖਰਾ ਨਹਿਰ ਵੀ ਸੁੱਟ ਦਿੱਤਾ ਗਿਆ ਹੈ । ਥਾਣਾ ਸਿਟੀ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਉਹ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ।