ਭਾਰਤ ਅਤੇ ਚੀਨ ਸਰਹੱਦੀ ਮੁੱਦੇ 'ਤੇ 2 ਸਮੂਹ ਬਣਾਉਣਗੇ- ਚੀਨੀ ਰਾਜਦੂਤ

ਨਵੀਂ ਦਿੱਲੀ , 21 ਅਗਸਤ (ਏਐਨਆਈ): ਭਾਰਤ ਵਿਚ ਚੀਨ ਦੇ ਰਾਜਦੂਤ ਜ਼ੂ ਫੇਈਹੋਂਗ ਨੇ ਕਿਹਾ ਹੈ ਕਿ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਆਪਣੀ ਭਾਰਤ ਫੇਰੀ ਦੌਰਾਨ ਐਨ.ਐਸ.ਏ. ਅਜੀਤ ਡੋਵਾਲ ਨਾਲ ਮਹੱਤਵਪੂਰਨ ਚਰਚਾ ਕੀਤੀ ਸੀ, ਅਤੇ ਦੋਵੇਂ ਦੇਸ਼ ਸਰਹੱਦੀ ਮੁੱਦੇ 'ਤੇ 2 ਸਮੂਹ ਸਥਾਪਤ ਕਰਨਗੇ। ਉਨ੍ਹਾਂ ਕਿਹਾ ਕਿ ਇਕ ਸਮੂਹ ਢੁਕਵੇਂ ਖੇਤਰਾਂ ਵਿਚ ਸਰਹੱਦੀ ਹੱਦਬੰਦੀ ਲਈ ਹੋਵੇਗਾ, ਅਤੇ ਦੂਜਾ ਸਮੂਹ ਸਰਹੱਦੀ ਖੇਤਰਾਂ ਦੇ ਸਹੀ ਪ੍ਰਬੰਧਨ 'ਤੇ ਧਿਆਨ ਕੇਂਦਰਿਤ ਕਰੇਗਾ।
ਆਪਣੀ ਫੇਰੀ ਦੌਰਾਨ, ਵਾਂਗ ਯੀ ਨੇ 19 ਅਗਸਤ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਸਵਾਲ 'ਤੇ ਵਿਸ਼ੇਸ਼ ਪ੍ਰਤੀਨਿਧੀਆਂ (ਐਸ.ਆਰ.) ਗੱਲਬਾਤ ਦੇ 24ਵੇਂ ਦੌਰ ਦੀ ਸਹਿ-ਪ੍ਰਧਾਨਗੀ ਕੀਤੀ ਅਤੇ ਇਕ ਦਿਨ ਪਹਿਲਾਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਦੁਵੱਲੀ ਗੱਲਬਾਤ ਕੀਤੀ। ਚੀਨੀ ਵਿਦੇਸ਼ ਮੰਤਰੀ ਨੇ 19 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ।