ਸਟੇਜ 'ਤੇ ਚੜ੍ਹਨ ਨੂੰ ਲੈ ਕੇ ਕਾਂਗਰਸੀ ਵਰਕਰ ਆਪਸ ‘ਚ ਭਿੜੇ

ਪਾਤੜਾਂ, 21 ਅਗਸਤ (ਜਗਦੀਸ਼ ਸਿੰਘ ਕੰਬੋਜ) - ਹਲਕਾ ਸ਼ੁਤਰਾਣਾਂ ਦੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਆਏ ਸੈਕਟਰੀ ਆਲ ਇੰਡੀਆ ਕਾਂਗਰਸ ਕਮੇਟੀ ਅਤੇ ਕੋ-ਇੰਚਾਰਜ ਪੰਜਾਬ ਰਵਿੰਦਰਾ ਡਾਲਵੀ ਦੇ ਪੁੱਜਣ 'ਤੇ ਕਾਂਗਰਸੀ ਵਰਕਰਾਂ ਵਿਚ ਉਸ ਵੇਲੇ ਹੰਗਾਮਾਂ ਹੋ ਗਿਆ ਜਦੋਂ ਹਲਕਾ ਸ਼ੁਤਰਾਣਾਂ ਤੋਂ ਟਿਕਟ ਦੇ ਇਕ ਦਾਅਵੇਦਾਰ ਨੂੰ ਦੂਜੇ ਟਿਕਟ ਦੇ ਦਾਅਵੇਦਾਰ ਦੇ ਸਮਰਥਕਾਂ ਵਲੋਂ ਸਟੇਜ 'ਤੇ ਚੜ੍ਹਨ ਤੋਂ ਰੋਕ ਦਿੱਤਾ। ਦੋਵੇਂ ਧੜੇ ਕਾਫੀ ਸਮਾਂ ਆਪਸ ਵਿਚ ਹੱਥੋ ਪਾਈ ਦੇ ਹੁੰਦੇ ਰਹੇ ਅਤੇ ਮਾਹੌਲ਼ ਨੂੰ ਸ਼ਾਂਤ ਕਰਨ ਲਈ ਪੁਲਿਸ ਨੂੰ ਦਖ਼ਲ ਅੰਦਾਜ਼ੀ ਕਰਨੀ ਪਈ । ਰਵਿੰਦਰਾ ਡਾਲਵੀ ਨੇ ਕਿਹਾ ਕਿ ਕਾਂਗਰਸ 'ਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਇਸ ਮਗਰੋਂ ਉਨ੍ਹਾਂ ਆਪਣੇ ਭਾਸ਼ਨ ਵਿਚ ਕਿਹਾ ਹੈ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਲੁੱਟਣ ਉੱਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੋਟ ਚੋਰੀ ਰਾਹੀਂ ਸੱਤਾ ਉੱਤੇ ਕਾਬਜ਼ ਹੋਣ ਦਾ ਭਾਜਪਾ ਦਾ ਭਾਂਡਾ ਭੰਨ ਕੇ ਰੱਖ ਦਿੱਤਾ ਹੈ। ਪੰਜਾਬ ਦੀ ਆਪ ਸਰਕਾਰ ਵਲੋਂ ਲਿਆਂਦੀ ਗਈ ਲੈਂਡ ਪੁਲਿੰਗ ਨੀਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਆਪ ਨੂੰ ਨਕਾਰ ਦਿੱਤਾ ਹੈ ਹੁਣ ਆਪ ਪੰਜਾਬ ਨੂੰ ਲੁੱਟਣ ਦੇ ਰਾਹ ਤੁਰੀ ਹੋਈ ਹੈ। ਇਸ ਦੌਰਾਨ ਉਨ੍ਹਾਂ ਪਾਰਟੀ ਵਿਚ ਚੱਲ ਰਹੀ ਧੜੇਬੰਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੱਡੇ ਘਰ ਵਿਚ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਜਿੱਥੇ ਵਰਕਰਾਂ ਅਤੇ ਆਗੂਆਂ ਦੀ ਬਹੁਤਾਤ ਹੋਵੇਗੀ ਉੱਥੇ ਥੋੜਾ ਬਹੁਤ ਵਿਰੋਧ ਵੀ ਚਲਦਾ ਰਹਿੰਦਾ ਹੈ।