ਭਾਜਪਾ ਵਲੋਂ ਪਿੰਡ ਭੰਡਾਲ ਦੋਨਾ 'ਚ ਲਗਾਇਆ ਕੈਂਪ ਪੁਲਿਸ ਨੇ ਬੰਦ ਕਰਵਾਇਆ
ਕਪੂਰਥਲਾ, 21 ਅਗਸਤ (ਅਮਰਜੀਤ ਕੋਮਲ)-ਭਾਜਪਾ ਵਲੋਂ ਅੱਜ ਕਪੂਰਥਲਾ ਹਲਕੇ ਦੇ ਪਿੰਡ ਭੰਡਾਲ ਦੋਨਾ ਵਿਚ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਏ ਜਾਣ ਵਾਲੇ ਕੈਂਪ ਮੌਕੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਥਾਣਾ ਸਦਰ ਦੀ ਐਸ.ਐਚ.ਓ. ਨੇ ਮੌਕੇ 'ਤੇ ਪਹੁੰਚ ਕੇ ਕੈਂਪ ਦੇ ਸੰਚਾਲਕਾਂ ਨੂੰ ਕੈਂਪ ਬੰਦ ਕਰਨ ਲਈ ਕਿਹਾ। ਭਾਜਪਾ ਆਗੂਆਂ ਤੇ ਕੈਂਪ ਵਿਚ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਹਾਸਲ ਕਰਨ ਆਏ ਦੋ ਦਰਜਨ ਦੇ ਕਰੀਬ ਪਿੰਡ ਦੇ ਲੋਕਾਂ ਨੇ ਪੁਲਿਸ ਵਲੋਂ ਕੈਂਪ ਬੰਦ ਕਰਵਾਉਣ ਦਾ ਵਿਰੋਧ ਕੀਤਾ। ਭਾਜਪਾ ਆਗੂਆਂ ਨੇ ਦੱਸਿਆ ਕਿ ਐਸ.ਐਚ.ਓ. ਨੇ ਕਿਹਾ ਕਿ ਬਿਨਾਂ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਦੇ ਤੁਸੀਂ ਕੈਂਪ ਨਹੀਂ ਲਗਾ ਸਕਦੇ ਕਿਉਂਕਿ ਕਿਸੇ ਵੀ ਵਿਅਕਤੀ ਦੀ ਨਿੱਜੀ ਜਾਣਕਾਰੀ ਇਕੱਤਰ ਕਰਨਾ ਕਾਨੂੰਨੀ ਤੌਰ 'ਤੇ ਗਲਤ ਹੈ।
ਭਾਜਪਾ ਦੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵਿਵੇਕ ਸਿੰਘ ਸੰਨੀ ਬੈਂਸ ਨੇ ਐਸ.ਐਚ.ਓ. ਨੂੰ ਕਿਹਾ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਕਪੂਰਥਲਾ ਹਲਕੇ ਵਿਚ 80 ਕੈਂਪ ਲਗਾ ਕੇ ਪਿੰਡਾਂ ਦੇ ਲੋਕਾਂ ਨੂੰ ਕੇਂਦਰ ਸਰਕਾਰ ਵਲੋਂ ਲੋਕਾਂ ਦੀ ਭਲਾਈ ਸ਼ੁਰੂ ਕੀਤੀਆਂ ਸਕੀਮਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਵੱਖ-ਵੱਖ ਸਕੀਮਾਂ ਤਹਿਤ ਉਨ੍ਹਾਂ ਦੇ ਕਾਰਡ ਵੀ ਬਣਾ ਚੁੱਕੇ ਹਨ ਤੇ ਉਨ੍ਹਾਂ ਕੋਲ ਕਾਮਨ ਸਰਵਿਸ ਸੈਂਟਰ ਚਲਾਉਣ ਦਾ ਅਧਿਕਾਰਤ ਪੱਤਰ ਵੀ ਹੈ। ਇਸ ਤੋਂ ਬਾਅਦ ਐਸ.ਐਚ.ਓ. ਨੇ ਭਾਜਪਾ ਆਗੂਆਂ ਨੂੰ ਕਿਹਾ ਕਿ ਉਹ ਦੁਪਹਿਰ ਬਾਅਦ ਐਸ.ਐਸ.ਪੀ. ਕਪੂਰਥਲਾ ਨੂੰ ਮਿਲਣ। ਬਾਅਦ ਵਿਚ ਭਾਜਪਾ ਦੇ ਯੁਵਾ ਮੋਰਚੇ ਦੇ ਆਗੂ ਵਿਵੇਕ ਸਿੰਘ ਸੰਨੀ ਬੈਂਸ ਦੀ ਅਗਵਾਈ ਵਿਚ ਮੋਰਚੇ ਦੇ ਆਗੂਆਂ ਨੇ ਐਸ.ਐਸ.ਪੀ. ਨਾਲ ਮੁਲਾਕਾਤ ਕੀਤੀ। ਉਨ੍ਹਾਂ ਪਿੰਡਾਂ ਵਿਚ ਕੈਂਪ ਲਗਾਉਣ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਐਸ.ਐਸ.ਪੀ. ਨੇ ਯੁਵਾ ਮੋਰਚੇ ਦੇ ਆਗੂਆਂ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਹੁਣ ਤੁਸੀਂ ਡਿਪਟੀ ਕਮਿਸ਼ਨਰ ਦੀ ਪ੍ਰਵਾਨਗੀ ਤੋਂ ਬਿਨਾਂ ਕੈਂਪ ਨਹੀਂ ਲਗਾ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਕੈਂਪ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।