ਵਿਰੋਧੀ ਗਠਜੋੜ ਇੰਡੀਆ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬੀ.ਸੁਦਰਸ਼ਨ ਰੈਡੀ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ

ਨਵੀਂ ਦਿੱਲੀ, 21 ਅਗਸਤ- ਵਿਰੋਧੀ ਗਠਜੋੜ ਇੰਡੀਆ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ, ਸੇਵਾਮੁਕਤ ਸੁਪਰੀਮ ਕੋਰਟ ਦੇ ਜਸਟਿਸ ਬੀ. ਸੁਦਰਸ਼ਨ ਰੈਡੀ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਰੈਡੀ ਨੇ ਚਾਰ ਸੈੱਟਾਂ ਵਿਚ ਆਪਣੀ ਨਾਮਜ਼ਦਗੀ ਦਾਖਲ ਕੀਤੀ। ਇਸ ਮੌਕੇ ਖੜਗੇ ਸਮੇਤ 20 ਨੇਤਾ ਪ੍ਰਸਤਾਵਕ ਬਣੇ।
ਨਾਮਜ਼ਦਗੀ ਦੇ ਸਮੇਂ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਸੋਨੀਆ ਗਾਂਧੀ, ਐਨ.ਸੀ.ਪੀ. ਦੇ ਮੁਖੀ ਸ਼ਰਦ ਪਵਾਰ ਸਮੇਤ ਕਈ ਵੱਡੇ ਨੇਤਾ ਮੌਜੂਦ ਸਨ। ਆਪਣੀ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ, ਰੈਡੀ ਨੇ ਸੰਸਦ ਕੰਪਲੈਕਸ ਵਿਚ ਪ੍ਰੇਰਨਾ ਸਥਾਨ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਪ ਰਾਸ਼ਟਰਪਤੀ ਅਹੁਦੇ ਲਈ ਚੋਣ 9 ਸਤੰਬਰ ਨੂੰ ਹੋਵੇਗੀ।
ਆਪਣੀ ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ, ਬੀ. ਸੁਦਰਸ਼ਨ ਰੈਡੀ ਨੇ ਕਿਹਾ ਕਿ ਇਹ ਚੋਣ ਸਿਰਫ਼ ਇਕ ਵਿਅਕਤੀ ਦੀ ਚੋਣ ਨਹੀਂ ਹੈ, ਸਗੋਂ ਭਾਰਤ ਦੇ ਵਿਚਾਰ ਨਾਲ ਜੁੜੀ ਹੋਈ ਹੈ, ਜਿਥੇ ਸੰਸਦ ਇਮਾਨਦਾਰੀ ਨਾਲ ਕੰਮ ਕਰਦੀ ਹੈ, ਅਸਹਿਮਤੀ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਸੰਸਥਾਵਾਂ ਆਜ਼ਾਦੀ ਅਤੇ ਨਿਰਪੱਖਤਾ ਨਾਲ ਲੋਕਾਂ ਦੀ ਸੇਵਾ ਕਰਦੀਆਂ ਹਨ।
ਰੈਡੀ ਨੇ ਅੱਗੇ ਕਿਹਾ ਕਿ ਜੇਕਰ ਉਹ ਚੁਣੇ ਜਾਂਦੇ ਹਨ, ਤਾਂ ਉਹ ਉਪ ਰਾਸ਼ਟਰਪਤੀ ਦਾ ਅਹੁਦਾ ਨਿਰਪੱਖਤਾ, ਮਾਣ, ਸੰਵਾਦ ਅਤੇ ਸ਼ਿਸ਼ਟਾਚਾਰ ਨਾਲ ਨਿਭਾਉਣਗੇ।