ਗਾਇਕ ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਐੱਸ. ਏ. ਐੱਸ. ਨਗਰ, 21 ਅਗਸਤ (ਕਪਿਲ ਵਧਵਾ)- ਪੰਜਾਬੀ ਸੰਗੀਤ ਜਗਤ ਦੇ ਉੱਘੇ ਗਾਇਕ ਮਨਕੀਰਤ ਸਿੰਘ ਔਲਖ ਨੂੰ ਇਕ ਵਿਦੇਸ਼ੀ ਨੰਬਰ ਤੋਂ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਕੀਰਤ ਨੂੰ ਕੱਲ੍ਹ ਵਿਦੇਸ਼ੀ ਨੰਬਰ ਤੋਂ ਇਕ ਵਟਸਐਪ ਮੈਸੇਜ ਆਇਆ, ਜਿਸ ਵਿਚ ਧਮਕੀ ਦੇਣ ਵਾਲੇ ਨੇ ਲਿਖਿਆ ਕਿ ‘ਤੇਰਾ ਟਾਈਮ ਆ ਗਿਆ ਹੈ ਤਿਆਰੀ ਕਰਲਾ, ਤੇਰੀ ਘਰਵਾਲੀ ਹੋਵੇ ਜਾਂ ਜਵਾਕ ਸਾਨੂੰ ਕੋਈ ਫਰਕ ਨਹੀਂ ਪੈਂਦਾ’।
ਧਮਕੀ ਦੇਣ ਵਾਲੇ ਨੇ ਸਪੱਸ਼ਟ ਕੀਤਾ ਹੈ ਕਿ ਮਨਕੀਰਤ ਇਸ ਨੂੰ ਮਜ਼ਾਕ ਵਿਚ ਨਾ ਲਵੇ। ਉਨ੍ਹਾਂ ਕਿਹਾ ਕਿ ਹੁਣ ਦੇਖ ਤੇਰੇ ਨਾਲ ਕੀ-ਕੀ ਹੁੰਦਾ ਹੈ। ਅਜੀਤ ਵਲੋਂ ਮਨਕੀਰਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਅੱਜ ਫਿਰ ਕਰੀਬ 2:33 ’ਤੇ ਇਕ +39 ਤੋਂ ਸ਼ੁਰੂ ਹੁੰਦੇ ਨੰਬਰ ਤੋਂ ਵਾਟਸਐਪ ਸੁਨੇਹਾ ਆਇਆ, ਜਿਸ ਨੇ ਮੁੜ ਧਮਕੀ ਦਿੱਤੀ, ਉਸ ਨੇ ਆਪਣੀ ਪਛਾਣ ਦੱਸਣ ਤੋਂ ਇੰਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਮਨਕੀਰਤ ਔਲਖ ਨੂੰ ਪਹਿਲਾਂ ਤੋਂ ਹੀ ਪੰਜਾਬ ਪੁਲਿਸ ਵਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।
ਪਰੰਤੂ ਤਾਜ਼ਾ ਮਿਲੀ ਧਮਕੀ ਨਾਲ ਉਸ ਦੀ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਖੜੀ ਹੋ ਗਈ ਹੈ। ਫਿਲਹਾਲ ਇਸ ਮਾਮਲੇ ਵਿਚ ਧਮਕੀ ਦੇਣ ਵਾਲੇ ਨੇ ਕਿਸੇ ਗਰੋਹ ਦਾ ਜ਼ਿਕਰ ਨਹੀਂ ਕੀਤਾ ਅਤੇ ਨਾ ਹੀ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕਿਸੇ ਗੈਂਗਸਟਰ ਜਾਂ ਉਸ ਦੇ ਗਰੁੱਪ ਵਲੋਂ ਇਸ ਮਾਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ। ਮਨਕੀਰਤ ਔਲਖ ਨੇ ਕਿਹਾ ਕਿ ਉਹ ਜਲਦ ਹੀ ਮੁਹਾਲੀ ਦੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦੇਣ ਸੰਬੰਧੀ ਮੁਲਾਕਾਤ ਕਰਨਗੇ।