ਯੂ.ਕੇ. ਆਧਾਰਤ ਗੈਂਗਸਟਰ ਧਰਮ ਸੰਧੂ ਦਾ ਸਾਥੀ ਮਲਕੀਤ ਸਿੰਘ ਗਿ੍ਫ਼ਤਾਰ

ਚੰਡੀਗੜ੍ਹ,ਚੋਗਾਵਾਂ (ਅੰਮ੍ਰਿਤਸਰ) 21 ਅਗਸਤ (ਗੁਰਵਿੰਦਰ ਸਿੰਘ ਕਲਸੀ)- ਡੀ.ਜੀ.ਪੀ. ਪੰਜਾਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਏਜੰਸੀਆਂ ਨਾਲ ਖੁਫ਼ੀਆ ਜਾਣਕਾਰੀ ਦੀ ਅਗਵਾਈ ਹੇਠ ਇਕ ਕਾਰਵਾਈ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੰਮ੍ਰਿਤਸਰ ਦੇ ਪੰਡੋਰੀ ਦੇ ਵਸਨੀਕ ਮਲਕੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਪਾਸੋਂ ਇਕ ਹੈਂਡ ਗ੍ਰਨੇਡ, ਇਕ .30 ਬੋਰ ਪਿਸਤੌਲ ਅਤੇ 10 ਜ਼ਿੰਦਾ ਰਾਉਂਡ (.30 ਬੋਰ) ਬਰਾਮਦ ਕੀਤੇ ਹਨ।
ਜਾਣਕਾਰੀ ਅਨੁਸਾਰ ਅੱਜ ਮਲਕੀਤ ਸਿੰਘ ਉਕਤ ਹੈਂਡ ਗ੍ਰਨੇਡ, ਪਿਸਟਲ ਅਤੇ ਜਿੰਦਾ ਰੋਂਦ ਲੈ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਪੰਡੋਰੀ ਤੋਂ ਬੱਚੀਵਿੰਡ, ਕਿਰਲਗੜ੍ਹ ਨੂੰ ਆ ਰਿਹਾ ਹੈ। ਜਿਸ ਤੇ ਕਾਰਵਾਈ ਕਰਦਿਆਂ ਏ.ਐਸ ਆਈ ਮਨਜਿੰਦਰ ਸਿੰਘ ਪੁਲਿਸ ਪਾਰਟੀ ਵਲੋਂ ਯੋਜਨਾਬੱਧ ਤਰੀਕੇ ਨਾਲ ਨਾਕਾਬੰਦੀ ਕਰਕੇ ਮਲਕੀਤ ਸਿੰਘ ਕੀਤੂ ਪੁੱਤਰ ਜੰਗ ਸਿੰਘ ਵਾਸੀ ਪੰਡੋਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ 25 (8)-54-59 49 ਅਸਲਾ ਐਕਟ, 3,4,5 ਐਕਸਪਲੋਸਿਵ ਸਬਸਟਾਸ ਐਕਟ 1908 ਅਧੀਨ ਮੁਕਦਮਾ ਦਰਜ ਕਰਕੇ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਉਸ ਦੇ ਯੂ.ਕੇ.ਅਧਾਰਤ ਗੈਂਗਸਟਰ ਧਰਮ ਸੰਧੂ ਨਾਲ ਸਿੱਧੇ ਸੰਬੰਧ ਹਨ, ਜੋ ਕਿ ਹਰਵਿੰਦਰ ਰਿੰਦਾ ਦਾ ਨਜ਼ਦੀਕੀ ਸਾਥੀ ਹੈ, ਜੋ ਕਿ ਪਾਕਿਸਤਾਨ ਵਿਚ ਸਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਸੰਚਾਲਕ ਹੈ ਅਤੇ ਪਾਕਿਸਤਾਨ ਦੀ ਆਈ.ਐਸ.ਆਈ. ਵਲੋਂ ਸਮਰਥਤ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।