ਐਫ਼.ਬੀ.ਆਈ. ਨੇ ਭਾਰਤੀ ਪੁਲਿਸ ਨਾਲ ਮਿਲ ਕੇ ਸਿੰਡੀ ਰੌਡਰਿਗਜ਼ ਨੂੰ ਕੀਤਾ ਗਿ੍ਫ਼ਤਾਰ

ਨਵੀਂ ਦਿੱਲੀ, 21 ਅਗਸਤ- ਅਮਰੀਕੀ ਸੰਘੀ ਜਾਂਚ ਏਜੰਸੀ ਐਫ.ਬੀ.ਆਈ. ਨੇ ਭਾਰਤੀ ਪੁਲਿਸ ਨਾਲ ਤਾਲਮੇਲ ਕਰਕੇ ਇਕ ਕਾਰਵਾਈ ਕਰਦੇ ਹੋਏ ਸਿੰਡੀ ਰੋਡਰਿਗਜ਼ ਸਿੰਘ ਨਾਮ ਦੀ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿੰਡੀ ਰੋਡਰਿਗਜ਼ ਅਮਰੀਕਾ ਵਿਚ ਲੋੜੀਂਦੀ ਸੀ ਅਤੇ ਉਸ ’ਤੇ ਆਪਣੇ ਹੀ 6 ਸਾਲ ਦੇ ਪੁੱਤਰ ਦੇ ਕਤਲ ਦਾ ਦੋਸ਼ ਹੈ। ਐਫ.ਬੀ.ਆਈ. ਨੇ ਭਾਰਤੀ ਪੁਲਿਸ, ਇੰਟਰਪੋਲ ਨਾਲ ਤਾਲਮੇਲ ਕਰਕੇ ਰੋਡਰਿਗਜ਼ ਨੂੰ ਭਾਰਤ ਤੋਂ ਗ੍ਰਿਫ਼ਤਾਰ ਕੀਤਾ। ਰੋਡਰਿਗਜ਼ ਨੂੰ ਹੁਣ ਅਮਰੀਕਾ ਵਾਪਸ ਲਿਜਾਇਆ ਜਾ ਰਿਹਾ ਹੈ, ਜਿਥੇ ਐਫ.ਬੀ.ਆਈ. ਉਸ ਨੂੰ ਟੈਕਸਾਸ ਪੁਲਿਸ ਦੇ ਹਵਾਲੇ ਕਰੇਗੀ। ਸਿੰਡੀ ਵਿਰੁੱਧ ਟੈਕਸਾਸ ਵਿਚ ਹੀ ਕੇਸ ਦਰਜ ਹੈ।
ਐਫ਼.ਬੀ.ਆਈ. ਦੇ ਡਾਇਰੈਕਟਰ ਕਾਸ਼ ਪਟੇਲ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇਕ ਪੋਸਟ ਵਿਚ ਕਿਹਾ ਕਿ ਐਫ.ਬੀ.ਆਈ. ਨੇ ਸਿੰਡੀ ਰੋਡਰਿਗਜ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਅਮਰੀਕਾ ਦੇ ਚੋਟੀ ਦੇ 10 ਭਗੌੜੇ ਅਪਰਾਧੀਆਂ ਵਿਚੋਂ ਇਕ ਹੈ। ਸਿੰਡੀ ਆਪਣੇ ਪੁੱਤਰ ਦੇ ਕਤਲ ਲਈ ਲੋੜੀਂਦੀ ਸੀ। ਕਾਸ਼ ਪਟੇਲ ਨੇ ਕਿਹਾ ਕਿ ਮਾਰਚ 2023 ਵਿਚ, ਐਵਰਮੈਨ, ਟੈਕਸਾਸ ਵਿਚ ਪੁਲਿਸ ਨੇ ਸਿੰਡੀ ਦੇ ਪੁੱਤਰ ਦੀ ਭਾਲ ਸ਼ੁਰੂ ਕਰ ਦਿੱਤੀ, ਕਿਉਂਕਿ ਉਹ ਕਈ ਦਿਨਾਂ ਤੋਂ ਨਹੀਂ ਦੇਖਿਆ ਗਿਆ ਸੀ। ਸਿੰਡੀ ਨੇ ਪੁੱਤਰ ਬਾਰੇ ਪੁਲਿਸ ਨੂੰ ਝੂਠ ਬੋਲਿਆ ਅਤੇ ਪੁਲਿਸ ਨੂੰ ਗੁੰਮਰਾਹ ਕੀਤਾ।
ਪੁਲਿਸ ਪੁੱਛਗਿੱਛ ਤੋਂ ਬਾਅਦ, ਸਿੰਡੀ ਅਮਰੀਕਾ ਤੋਂ ਭੱਜ ਗਈ ਅਤੇ ਭਾਰਤ ਪਹੁੰਚ ਗਈ। ਅਕਤੂਬਰ 2023 ਵਿਚ, ਸਿੰਡੀ ਵਿਰੁੱਧ ਉਸ ਦੇ ਪੁੱਤਰ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਸੇ ਸਾਲ ਨਵੰਬਰ ਵਿਚ, ਪੁਲਿਸ ਨੇ ਸਿੰਡੀ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਸੀ। ਕਾਸ਼ ਪਟੇਲ ਨੇ ਕਿਹਾ ਕਿ ਪਿਛਲੇ ਸੱਤ ਮਹੀਨਿਆਂ ਵਿਚ, ਐਫ.ਬੀ.ਆਈ. ਨੇ ਚੋਟੀ ਦੇ 10 ਭਗੌੜਿਆਂ ਵਿਚੋਂ ਚਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਸ਼ ਪਟੇਲ ਨੇ ਭਾਰਤੀ ਪੁਲਿਸ ਅਤੇ ਪ੍ਰਸ਼ਾਸਨ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ ਹੈ। ਸਿੰਡੀ ਰੋਡਰਿਗਜ਼ ’ਤੇ 25 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਸਿੰਡੀ ਰੋਡਰਿਗਜ਼ ਮੈਕਸੀਕਨ ਅਤੇ ਭਾਰਤੀ ਮੂਲ ਦੀ ਹੈ।