ਮੁੱਖ ਮੰਤਰੀ ਰੇਖਾ ਗੁਪਤਾ ਨੂੰ ਮਿਲੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ- ਸੂਤਰ

ਨਵੀਂ ਦਿੱਲੀ, 21 ਅਗਸਤ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਸੂਤਰਾਂ ਅਨੁਸਾਰ, ਕੇਂਦਰ ਸਰਕਾਰ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜ਼ੈੱਡ ਸ਼੍ਰੇਣੀ ਦੀ ਸੀ.ਆਰ.ਪੀ.ਐਫ਼. ਸੁਰੱਖਿਆ ਪ੍ਰਦਾਨ ਕੀਤੀ ਹੈ। ਇਸ ਤੋਂ ਪਹਿਲਾਂ, ਬੁੱਧਵਾਰ ਨੂੰ ਦਿੱਲੀ ਵਿਚ ਹਫ਼ਤਾਵਾਰੀ ਜਨਤਕ ਸੁਣਵਾਈ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ’ਤੇ ਹਮਲਾ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਰਾਜੇਸ਼ ਖੀਮਜੀ ਨੂੰ ਪੰਜ ਦਿਨਾਂ ਦੀ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ
। ਦੋਸ਼ੀ ਰਾਜੇਸ਼ ਨੂੰ ਦਿੱਲੀ ਪੁਲਿਸ ਨੇ ਦੇਰ ਰਾਤ ਦੱਖਣ-ਪੱਛਮੀ ਦਿੱਲੀ ਦੇ ਦਵਾਰਕਾ ਵਿਚ ਇਕ ਮੈਜਿਸਟ੍ਰੇਟ ਦੇ ਘਰ ਪੇਸ਼ ਕੀਤਾ। ਸੂਤਰਾਂ ਨੇ ਦੱਸਿਆ ਕਿ ਦੋਸ਼ੀ ਨੂੰ ਤੀਸ ਹਜ਼ਾਰੀ ਅਦਾਲਤ ਕੰਪਲੈਕਸ ਵਿਚ ਕਿਸੇ ਵੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਨਹੀਂ ਕੀਤਾ ਗਿਆ।
ਦੱਸ ਦੇਈਏ ਕਿ ਬੀਤੇ ਦਿਨ ਸਵੇਰੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਸਰਕਾਰੀ ਨਿਵਾਸ ’ਤੇ ਹਫਤਾਵਾਰੀ ਜਨਤਕ ਸੁਣਵਾਈ ਦੌਰਾਨ, ਸ਼ਿਕਾਇਤਕਰਤਾ ਦੇ ਤੌਰ ’ਤੇ ਆਏ ਇਕ ਨੌਜਵਾਨ ਨੇ ਅਚਾਨਕ ਮੁੱਖ ਮੰਤਰੀ ’ਤੇ ਹਮਲਾ ਕਰ ਦਿੱਤਾ। ਦੋਸ਼ੀ ਨੇ ਮੁੱਖ ਮੰਤਰੀ ਨੂੰ ਕੁਝ ਕਾਗਜ਼ਾਤ ਦਿੱਤੇ, ਜਿਸ ਤੋਂ ਬਾਅਦ ਉਹ ਰੌਲਾ ਪਾਉਣ ਲੱਗ ਪਿਆ। ਬਾਅਦ ਵਿਚ, ਦੋਸ਼ੀ ਨੇ ਮੁੱਖ ਮੰਤਰੀ ਦਾ ਹੱਥ ਅਤੇ ਵਾਲ ਫੜ ਲਏ ਅਤੇ ਉਨ੍ਹਾਂ ਨੂੰ ਧੱਕਾ ਦੇਣਾ ਸ਼ੁਰੂ ਕਰ ਦਿੱਤਾ।