ਹੜ੍ਹ ਦੇ ਪਾਣੀ ਵਿੱਚ ਡੁੱਬਣ ਕਾਰਨ ਪਿੰਡ ਖੋਦੇ ਬੇਟ ਦੀ ਔਰਤ ਦੀ ਮੌਤ

ਫਤਿਹਗੜ੍ਹ ਚੂੜੀਆਂ, (ਗੁਰਦਾਸਪੁਰ), 28 ਅਗਸਤ (ਅਵਤਾਰ ਸਿੰਘ ਰੰਧਾਵਾ)- ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੀ ਸਮੁੱਚੀ ਬੈਲਟ ਡੇਰਾ ਬਾਬਾ ਨਾਨਕ ਅਤੇ ਨਾਲ ਲੱਗਦੇ ਦੂਰ ਦੂਰ ਤੱਕ ਦੇ ਖੇਤਰ ਨੂੰ ਹੜ੍ਹ ਦੇ ਪਾਣੀ ਨੇ ਲਪੇਟ ਵਿਚ ਲਿਆ ਹੋਇਆ ਹੈ। ਪਾਣੀ ਨੇ ਇਸ ਸਮੁੱਚੇ ਇਲਾਕੇ ਅੰਦਰ ਫਸਲਾਂ ਤੇ ਲੋਕਾਂ ਦੇ ਘਰਾਂ ਦਾ ਵੱਡਾ ਨੁਕਸਾਨ ਕੀਤਾ ਹੈ, ਉਥੇ ਹੀ ਜਾਨੀ ਨੁਕਸਾਨ ਵੀ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇਟ ਦੀ ਔਰਤ ਕੁਲਵਿੰਦਰ ਕੌਰ ਪੁੱਤਰੀ ਪਿਆਰਾ ਸਿੰਘ (ਕਰੀਬ 45- 50 ਸਾਲਾ) ਜੋ ਕਿ ਆਪਣੇ ਪੇਕੇ ਪਿੰਡ ਖੋਦੇ ਬੇਟ ਰਹਿੰਦੀ ਸੀ ਅਤੇ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਅਕਸਰ ਸੇਵਾ ਕਰਦੀ ਸੀ। ਉਸ ਦੀ ਟਾਲੀ ਸਾਹਿਬ ਤੋਂ ਖੋਦੇ ਬੇਟ ਦੇ ਰਸਤੇ ਵਿਚ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਸੰਬੰਧਿਤ ਪੁਲਿਸ ਨੇ ਉਸ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।