JALANDHAR WEATHER

ਸਰਕਾਰ ਤੇ ਪ੍ਰਸ਼ਾਸਨ ਆਮ ਲੋਕਾਂ ਨਾਲ ਹਰ ਵੇਲੇ ਖੜ੍ਹਾ ਹੈ - ਡੀ. ਸੀ.

ਕਾਲਾ ਸੰਘਿਆਂ, 2 ਸਤੰਬਰ (ਬਲਜੀਤ ਸਿੰਘ ਸੰਘਾ)-ਲਗਾਤਾਰ ਪੈ ਰਹੇ ਤੇਜ਼ ਮੀਂਹ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਆਮ ਲੋਕ ਬੇਹੱਦ ਪ੍ਰੇਸ਼ਾਨ ਹਨ। ਤੇਜ਼ ਮੀਂਹ ਕਾਰਨ ਸਥਾਨਕ ਕਸਬੇ ਤੋਂ ਸੁਲਤਾਨਪੁਰ ਲੋਧੀ ਜਾਂਦੀ ਮੁੱਖ ਸੜਕ ਪਿੰਡ ਸੰਧੂ ਚੱਠਾ ਨੇੜਿਓਂ ਪੂਰੀ ਤਰ੍ਹਾਂ ਰੁੜ੍ਹ ਗਈ ਹੈ, ਜਿਸ ਕਾਰਨ ਇਥੋਂ ਆਵਾਜਾਈ ਵੀ ਬੰਦ ਹੋ ਗਈ। ਇਸ ਸੜਕ ਦੇ ਟੁੱਟਣ ਕਾਰਨ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ, ਐਸ. ਡੀ. ਐਮ. ਇਰਵਿਨ ਕੌਰ ਅਤੇ 'ਆਪ' ਦੇ ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਸਿੰਘ ਚੰਦੀ ਨੇ ਮੌਕੇ ਦਾ ਜਾਇਜ਼ਾ ਲਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕਿਹਾ ਕਿ ਇਹ ਕੁਦਰਤ ਦੀ ਕਰੋਪੀ ਦਾ ਸਭ ਨੂੰ ਰਲ-ਮਿਲ ਕੇ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਆਮ ਲੋਕਾਂ ਨਾਲ ਹਰ ਵੇਲੇ ਖੜ੍ਹਾ ਹੈ। ਉਨ੍ਹਾਂ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਜਿਵੇਂ ਹੀ ਮੀਂਹ ਦੇ ਪਾਣੀ ਦਾ ਵਹਾਅ ਰੁਕਦਾ ਹੈ, ਇਹ ਸੜਕ ਪਹਿਲ ਦੇ ਆਧਾਰ ਉਤੇ ਬਣਾਈ ਜਾਵੇਗੀ। ਉਨ੍ਹਾਂ ਲੋੜਵੰਦ ਲੋਕਾਂ ਨੂੰ 16 ਤਰਪਾਲਾਂ ਮੌਕੇ ਉਤੇ ਵੰਡੀਆਂ। ਹੋਰ ਤਰਪਾਲਾਂ ਵੀ ਭੇਜਣ ਦਾ ਐਲਾਨ ਕੀਤਾ। ਇਸ ਦੌਰਾਨ ਐਸ. ਡੀ. ਐਮ. ਇਰਵਿਨ ਕੌਰ, ਕਰਮਵੀਰ ਸਿੰਘ ਚੰਦੀ ਹਲਕਾ ਇੰਚਾਰਜ 'ਆਪ', ਕਿਸਾਨ ਵਿੰਗ ਦੇ ਆਗੂ ਨਰਿੰਦਰ ਸਿੰਘ ਸੰਘਾ, ਡਾ. ਸੁਰਜੀਤ ਸਿੰਘ ਖੁਸਰੋਪੁਰ, ਪਰਮਜੀਤ ਸਿੰਘ ਖਾਲਸਾ, ਪਿੰਡ ਸੰਧੂ ਚੱਠਾ ਦੇ ਸਰਪੰਚ ਡਾ. ਸਤਪਾਲ ਮੰਗੀ, ਲਹਿੰਬਰ ਸਿੰਘ ਢਿਲੋਂ, ਸਰਬਜੀਤ ਸਿੰਘ ਸੰਧੂ, ਰਾਜੀਵ ਕੁਮਾਰ, ਨਿੱਕੂ ਆਧੀ, ਨੂਰਾ ਨਾਹਲ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ