ਕੁਦਰਤੀ ਆਫਤ ਹੜ੍ਹਾਂ ਨਾਲ ਜੂਝ ਰਹੇ ਪੰਜਾਬ ਨੂੰ ਦਿੱਲੀ ਸਰਕਾਰ ਹਰ ਸੰਭਵ ਦੇਵੇਗੀ ਸਹਾਇਤਾ - ਸੀ.ਐਮ. ਰੇਖਾ ਗੁਪਤਾ

ਨਵੀਂ ਦਿੱਲੀ, 2 ਸਤੰਬਰ-ਅੱਜ ਜਦੋਂ ਪੰਜਾਬ ਕੁਦਰਤੀ ਆਫ਼ਤ ਅਤੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤਾਂ ਦਿੱਲੀ ਸਰਕਾਰ ਪੰਜਾਬ ਦੇ ਹਰ ਪਰਿਵਾਰ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਰਾਹਤ ਸਮੱਗਰੀ, ਪ੍ਰਸ਼ਾਸਕੀ ਸਹਾਇਤਾ ਅਤੇ ਆਫ਼ਤ ਪ੍ਰਬੰਧਨ ਨਾਲ ਸਬੰਧਤ ਹਰ ਤਰ੍ਹਾਂ ਦੀ ਮਦਦ ਪੰਜਾਬ ਨੂੰ ਦਿੱਤੀ ਜਾਵੇਗੀ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਪੰਜਾਬ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਸੰਕਟ ਦੀ ਇਸ ਘੜੀ ਵਿਚ, ਸਾਡੀ ਸਾਂਝੀ ਤਾਕਤ ਅਤੇ ਪੰਜਾਬੀਅਤ ਦੀ ਭਾਵਨਾ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਅਤੇ ਸਹਾਇਤਾ ਪ੍ਰਦਾਨ ਕਰੇਗੀ। ਦਿੱਲੀ ਅਤੇ ਪੰਜਾਬ ਦਾ ਰਿਸ਼ਤਾ ਸਿਰਫ਼ ਗੁਆਂਢੀ ਰਾਜਾਂ ਦਾ ਨਹੀਂ, ਸਗੋਂ ਭਾਈਚਾਰੇ ਅਤੇ ਸਾਂਝੇ ਸੱਭਿਆਚਾਰ ਦਾ ਹੈ।