ਜਲੰਧਰ-ਲੋਹੀਆਂ ਰੋਡ, ਸੰਧੂ ਚੱਠਾ ਨੇੜਿਓਂ ਰੁੜ੍ਹਿਆ, ਰਸਤਾ ਮੁਕੰਮਲ ਬੰਦ

ਕਾਲਾ ਸੰਘਿਆਂ, 2 ਸਤੰਬਰ (ਬਲਜੀਤ ਸਿੰਘ ਸੰਘਾ)-ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨਾਲ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਕਾਲਾ ਸੰਘਿਆਂ ਇਲਾਕੇ ਵਿਚ ਬਹੁਤ ਸਾਰੇ ਪਿੰਡਾਂ ਦੀਆਂ ਸੜਕਾਂ ਬੁਰੀ ਤਰ੍ਹਾਂ ਟੁੱਟਣ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਲਾ ਸੰਘਿਆਂ ਤੋਂ ਸੁਲਤਾਨਪੁਰ ਲੋਧੀ ਜਾਂਦੀ ਮੁੱਖ ਸੜਕ ਸੰਧੂ ਚੱਠਾ ਪਿੰਡ ਦੇ ਨੇੜਿਓਂ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ, ਜਿਸ ਕਾਰਨ ਇਸ ਸੜਕ ਤੋਂ ਲੰਘਣ ਵਾਲੇ ਖੱਜਲ-ਖੁਆਰ ਹੋ ਰਹੇ ਹਨ। ਇਸ ਸੜਕ ਤੋਂ ਰੁੱਖ ਵੀ ਸੜਕ ਵਿਚ ਡਿੱਗੇ ਹੋਏ ਹਨ। ਸੰਧੂ ਚੱਠਾ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਨਾਲ਼ ਆ ਰਹੇ ਮੀਂਹ ਦੇ ਪਾਣੀ ਦੇ ਵਹਾਅ ਵਿਚ ਇਹ ਸੜਕ ਵਹਿ ਗਈ।
ਪਿੰਡ ਸੰਧੂ ਚੱਠਾ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਵਲੋਂ ਮਿੱਟੀ ਦੇ ਬੋਰੇ ਆਦਿ ਲਗਾ ਕੇ ਇਸ ਸੜਕ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦੇ ਤੇਜ਼ ਵਹਾਅ ਕਰਕੇ ਇਸ ਸੜਕ ਨੂੰ ਨਹੀਂ ਬਚਾਅ ਸਕੇ। ਇਹ ਮੇਨ ਸੜਕ ਹੋਣ ਕਰਕੇ ਇਸ ਰੋਡ ਉਤੇ ਆਵਾਜਾਈ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਸ ਸੜਕ ਤੋਂ ਲੋਹੀਆਂ, ਸੁਲਤਾਨਪੁਰ ਲੋਧੀ, ਮੱਖੂ ਜ਼ੀਰਾ ਆਦਿ ਤੋਂ ਜਲੰਧਰ ਜਾਣ ਵਾਲੇ ਅਨੇਕਾਂ ਲੋਕ ਇਥੋਂ ਗੁਜ਼ਰਦੇ ਹਨ ਅਤੇ ਇਹ ਸੜਕ ਟੁੱਟਣ ਕਾਰਨ ਕੋਈ ਦੂਰੋਂ ਆਉਣ ਵਾਲਾ ਰਾਹਗੀਰ ਜਿਸ ਨੂੰ ਇਸ ਸੜਕ ਦੇ ਟੁੱਟਣ ਦਾ ਨਹੀਂ ਪਤਾ, ਉਹ ਇਥੇ ਹਾਦਸੇ ਦਾ ਸ਼ਿਕਾਰ ਵੀ ਹੋ ਸਕਦਾ ਹੈ, ਜਿਸ ਕਰਕੇ ਲੋਕਾਂ ਪ੍ਰਸ਼ਾਸਨ ਨੂੰ ਇਸ ਸੜਕ ਦਾ ਜਲਦ ਕੋਈ ਹੱਲ ਕਰਨ ਦੀ ਅਪੀਲ ਕੀਤੀ।