ਭਾਰੀ ਮੀਂਹ, ਹੜ੍ਹਾਂ ਤੇ ਸੱਕੀ ਨਾਲੇ ਦੇ ਪਾਣੀ ਨੇ ਹਲਕਾ ਰਾਜਾਸਾਂਸੀ ਦੇ ਪਿੰਡਾਂ 'ਚ ਮਚਾਈ ਤਬਾਹੀ

ਚੋਗਾਵਾਂ/ਅੰਮ੍ਰਿਤਸਰ, 3 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਭਾਰੀ ਮੀਂਹ, ਹੜ੍ਹਾਂ ਤੇ ਸੱਕੀ ਨਾਲੇ ਦੇ ਪਾਣੀ ਨੇ ਹਲਕਾ ਰਾਜਾਸਾਂਸੀ ਦੇ ਪਿੰਡਾਂ ਵਿਚ ਤਬਾਹੀ ਮਚਾਈ ਹੋਈ ਹੈ। ਸਰਹੱਦੀ ਪਿੰਡ ਭੱਗਪੁਰ ਬੇਟ ਵਿਖੇ ਸੱਕੀ ਨਾਲੇ ਦਾ ਪਾਣੀ ਕਿਨਾਰਿਆਂ ਤੋਂ ਬਾਹਰ ਨਿਕਲ ਕੇ ਤੇਜ਼ ਵਹਾ ਨਾਲ ਵਗ ਰਿਹਾ ਹੈ, ਜਿਸ ਕਰਕੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ ਵਿਚ ਡੁੱਬ ਕੇ ਤਬਾਹ ਹੋ ਗਈ ਹੈ। ਘਰਾਂ ਵਿਚ ਪਾਣੀ ਪਹੁੰਚ ਗਿਆ ਹੈ ਤੇ ਨੁਕਸਾਨ ਪਹੁੰਚਾਅ ਰਿਹਾ ਹੈ।
ਇਸ ਸਬੰਧੀ ਪਿੰਡ ਦੇ ਸਾਬਕਾ ਮੈਂਬਰ ਬੱਗਾ ਸਿੰਘ, ਸਾਬਕਾ ਮੈਂਬਰ ਤਰਸੇਮ ਸਿੰਘ ਤੇ ਜੱਜ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਉਹ ਬਾਹਰ ਡੇਰੇ ਉੱਪਰ ਰਹਿੰਦੇ ਹਨ। ਉਨ੍ਹਾਂ ਨੇ ਜ਼ਮੀਨ ਠੇਕੇ ਉੱਪਰ ਲਈ ਹੋਈ ਹੈ। ਸੱਕੀ ਨਾਲੇ ਦੇ ਪਾਣੀ ਨੇ ਉਨ੍ਹਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਹਨ। ਪਾਣੀ ਨੇ ਉਨ੍ਹਾਂ ਦੇ ਡੇਰਿਆਂ ਨੂੰ ਚੁਫੇਰਿਓਂ ਘੇਰ ਲਿਆ ਹੈ। ਪਾਣੀ ਭਰ ਜਾਣ ਨਾਲ ਚਾਰ ਚੁਫੇਰੇ ਦਰਿਆ ਵਰਗਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੇ ਸਾਰੇ ਮਕਾਨਾਂ ਨੂੰ ਤਰੇੜਾਂ ਆ ਗਈਆਂ ਹਨ। ਇਸ ਪਿੰਡ ਵਿਚ ਜਿਥੇ ਕਿਸਾਨਾਂ ਦੀਆਂ ਫਸਲਾਂ, ਸਬਜ਼ੀਆਂ, ਹਰਾ ਚਾਰਾ ਆਦਿ ਤਬਾਹ ਹੋਇਆ ਹੈ। ਇਸ ਤੋਂ ਇਲਾਵਾ ਲੋਕਾਂ ਦੇ ਘਰਾਂ ਵਿਚ ਪਾਣੀ ਨੇ ਲੋਕਾਂ ਅਤੇ ਪਸ਼ੂਆਂ ਲਈ ਬਹੁਤ ਵੱਡੀਆਂ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪਸ਼ੂਆਂ ਲਈ ਹਰਾ ਚਾਰਾ ਅਤੇ ਰਾਹਤ ਸਮੱਗਰੀ ਪਹੁੰਚਾਈ ਜਾਵੇ।