ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਹੜ੍ਹ ਪੀੜਤਾਂ ਨੂੰ ਪਸ਼ੂਆਂ ਦਾ ਵੰਡਿਆ ਚਾਰਾ

ਮਮਦੋਟ/ਫਿਰੋਜ਼ਪੁਰ, 3 ਸਤੰਬਰ (ਸੁਖਦੇਵ ਸਿੰਘ ਸੰਗਮ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਵਲੋਂ ਸ਼ੁਰੂ ਕੀਤੀ ਗਈ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸਹਾਇਤਾ ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਸਰਹੱਦੀ ਖੇਤਰ ਦੇ ਪਿੰਡ ਦੋਨਾਂ ਤੇਲੂ ਮੱਲ, ਮੱਬੋ ਕੇ ਆਦਿ ਵੱਖ-ਵੱਖ ਪਿੰਡਾਂ ਦੇ ਹੜ੍ਹ ਪੀੜਤਾਂ ਨੂੰ ਫਿਰ ਤੋਂ ਰਾਹਤ ਸਮੱਗਰੀ ਭੇਜੀ ਗਈ। ਇਸ ਦੌਰਾਨ ਸਾਬਕਾ ਹਲਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਜੋਗਿੰਦਰ ਸਿੰਘ ਜਿੰਦੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰੀਤਮ ਸਿੰਘ ਮਲਸੀਆਂ, ਦਰਸ਼ਨ ਸਿੰਘ ਸ਼ੇਰਖਾਂ ਅਤੇ ਬਲਵਿੰਦਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਪ੍ਰਭਾਵਿਤ ਪਿੰਡਾਂ ਦੇ ਪਸ਼ੂ ਪਾਲਕਾਂ ਨੂੰ ਅਚਾਰ ਦੀਆਂ ਗੱਠਾਂ, ਤੂੜੀ, ਪੀਣ ਵਾਲੇ ਪਾਣੀ ਦੀਆਂ ਇਕ ਦਰਜਨ ਟਰਾਲੀਆਂ ਭੇਜੀਆਂ ਗਈਆਂ।
ਇਸ ਮੌਕੇ ਜੋਗਿੰਦਰ ਸਿੰਘ ਜਿੰਦੂ ਨੇ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਲਈ ਅੱਜ ਦੂਜੀ ਵਾਰ ਸਹਾਇਤਾ ਦਿੱਤੀ ਗਈ ਹੈ, ਜਿਸ ਵਿਚ ਹੁਣ ਤੱਕ 750 ਕੁਇੰਟਲ ਚਾਰਾ ਤੇ ਤੂੜੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜਿਥੇ ਪੀਣ ਵਾਲੇ ਪਾਣੀ ਅਤੇ ਰਾਸ਼ਨ ਦੀ ਜ਼ਰੂਰਤ ਹੈ, ਉਥੇ ਵੀ ਪਹਿਲ ਦੇ ਆਧਾਰ ਉਤੇ ਰਾਹਤ ਪਹੁੰਚਾਈ ਜਾ ਰਹੀ ਹੈ।