ਸ਼੍ਰੀ ਮਣੀਮਹੇਸ਼ ਯਾਤਰਾ ਦੌਰਾਨ ਹਾਦਸੇ 'ਚ ਮਾਰੇ ਗਏ 4 ਸ਼ਰਧਾਲੂਆ ਦੀਆਂ ਮ੍ਰਿਤਕ ਦੇਹਾਂ ਪਠਾਨਕੋਟ ਪੁੱਜੀਆਂ

ਪਠਾਨਕੋਟ, 3 ਸਤੰਬਰ (ਸੰਧੂ)-ਸ਼੍ਰੀ ਮਣੀਮਹੇਸ਼ ਯਾਤਰਾ ਦੌਰਾਨ ਜ਼ਮੀਨ ਖਿਸਕਣ ਨਾਲ ਜਿਥੇ ਭਾਰੀ ਨੁਕਸਾਨ ਹੋਇਆ ਹੈ, ਉਥੇ ਹੀ ਇਸ ਹਾਦਸੇ ਵਿਚ ਪੰਜਾਬ ਸਮੇਤ ਹੋਰ ਰਾਜਾਂ ਦੇ ਕਈ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਹਿਮਾਚਲ ਪ੍ਰਸ਼ਾਸਨ ਨੇ ਮ੍ਰਿਤਕ ਸ਼ਰਧਾਲੂਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਸਬੰਧਿਤ ਜ਼ਿਲ੍ਹਿਆਂ ਵਿਚ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਨੂੰ ਮਣੀਮਹੇਸ਼ ਯਾਤਰਾ ਵਿਚ ਜਾਨ ਗੁਆਉਣ ਵਾਲੇ 4 ਸ਼ਰਧਾਲੂਆਂ ਦੀਆਂ ਲਾਸ਼ਾਂ ਪਠਾਨਕੋਟ ਦੇ ਸਿਵਲ ਹਸਪਤਾਲ ਲਿਆਂਦੀਆਂ ਗਈਆਂ। ਜਾਣਕਾਰੀ ਅਨੁਸਾਰ ਪਠਾਨਕੋਟ ਸਿਵਲ ਹਸਪਤਾਲ ਵਿਖੇ ਪਹੁੰਚੀਆਂ ਮ੍ਰਿਤਕ ਦੇਹਾਂ ਵਿਚੋਂ 1 ਹੁਸ਼ਿਆਰਪੁਰ, 1 ਪਠਾਨਕੋਟ, 1 ਸੰਗਰੂਰ ਤੇ 1 ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਹਨ।
ਮ੍ਰਿਤਕਾਂ ਦੀ ਪਛਾਣ ਰੋਸ਼ਨ ਲਾਲ ਨਿਵਾਸੀ ਮੁਹੱਲਾ ਘੜਥੋਲੀ ਪਠਾਨਕੋਟ, ਹਰਵਿੰਦਰ ਸਿੰਘ ਨਿਵਾਸੀ ਜ਼ਿਲ੍ਹਾ ਹੁਸ਼ਿਆਰਪੁਰ ਤੇ ਤਰਸੇਮ ਲਾਲ ਜ਼ਿਲ੍ਹਾ ਸੰਗਰੂਰ ਅਤੇ ਅਨਮੋਲਦੀਪ ਸਿੰਘ ਨਿਵਾਸੀ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਹਰਵਿੰਦਰ ਸਿੰਘ ਨਿਵਾਸੀ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਪੁਲਿਸ ਵਿਚ ਏ. ਐਸ. ਆਈ. ਵਜੋਂ ਤਾਇਨਾਤ ਸੀ। ਇਸ ਦੇ ਨਾਲ ਹੀ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਮ੍ਰਿਤਕ ਅਨਮੋਲਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਲੈਣ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਇਕ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਵੀ ਪਠਾਨਕੋਟ ਵਿਖੇ ਪੁੱਜੇ ਤੇ ਉਨ੍ਹਾਂ ਇਸ ਹਾਦਸੇ ਉਤੇ ਡੂੰਘਾ ਦੁੱਖ ਜ਼ਾਹਿਰ ਕੀਤਾ। ਸਿਵਲ ਹਸਪਤਾਲ ਦੇ ਚੌਕੀ ਇੰਚਾਰਜ ਗੁਲਸ਼ਨ ਕੁਮਾਰ ਅਨੁਸਾਰ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਵਿਚ ਭੇਜ ਦਿੱਤਾ ਗਿਆ ਹੈ।