ਸੰਪ੍ਰਦਾਇ ਰਾੜਾ ਸਾਹਿਬ ਦਾ ਬਾਬਾ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਨੂੰ ਨਵਾਂ ਮੁਖੀ ਚੁਣਿਆ

ਰਾੜਾ ਸਾਹਿਬ, 3 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਸੰਪ੍ਰਦਾਇ ਰਾੜਾ ਸਾਹਿਬ ਦੇ ਮੁਖੀ ਸੰਤ ਬਲਜਿੰਦਰ ਸਿੰਘ ਜੀ ਦੇ ਅੰਤਿਮ ਅਰਦਾਸ ‘ਤੇ ਸ਼ਰਧਾਂਜਲੀ ਸਮਾਗਮ ਦੌਰਾਨ ਅੱਜ ਸੰਪ੍ਰਦਾਇ ਰਾੜਾ ਸਾਹਿਬ ਦਾ ਬਾਬਾ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਨੂੰ ਨਵਾਂ ਮੁਖੀ ਚੁਣਿਆ ਗਿਆ। ਇਸ ਸਮੇਂ ਸੰਤ ਸਮਾਜ, ਸੰਪ੍ਰਦਾਵਾਂ ਦੇ ਮੁਖੀ, ਸਿੱਖ ਪੰਥ ਦੀਆਂ ਸਿਰਮੌਰ ਸ਼ਖਸੀਅਤਾਂ, ਟਰੱਸਟ ਦੇ ਮੈਂਬਰਾਂ ਤੇ ਪ੍ਰਬੰਧਕਾਂ ਅਤੇ ਇਲਾਕੇ ਦੇ ਲੋਕਾਂ ਦੀ ਸਹਿਮਤੀ ਨਾਲ ਬਾਬਾ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਨੂੰ ਨਵਾਂ ਮੁਖੀ ਚੁਣਿਆ ਜਿਨ੍ਹਾਂ ਦਾ ਨਾਮ ਸਟੇਜ ‘ਤੇ ਸੁਸ਼ੋਭਿਤ ਪ੍ਰਮੁੱਖ ਸਿੱਖ ਸ਼ਖਸੀਅਤਾਂ ਦੀ ਮੌਜੂਦਗੀ ਵਿਚ ਸੰਗਤਾਂ ਦੇ ਸਾਹਮਣੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਲਿਆ ਤੇ ਹਾਜ਼ਰੀਨ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਬਾਬਾ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਨੂੰ ਨਵਾਂ ਮੁਖੀ ਚੁਣੇ ਜਾਣ ‘ਤੇ ਸਵਾਗਤ ਤੇ ਸਹਿਮਤੀ ਪ੍ਰਗਟਾਈ।
ਵੱਖ-ਵੱਖ ਸੰਪ੍ਰਦਾਵਾਂ ਦੇ ਸੰਤ-ਮਹਾਪੁਰਸ਼ਾਂ, ਧਾਰਮਿਕ ਸ਼ਖਸੀਅਤਾਂ ਅਤੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਟਰੱਸਟ ਦੇ ਸਮੂਹ ਮੈਂਬਰ ਸਾਹਿਬਾਨਾਂ ਵਲੋਂ ਸਾਂਝੇ ਰੂਪ ਵਿਚ ਪੁਰਾਤਨ ਮਰਿਯਾਦਾ ਅਨੁਸਾਰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਪ੍ਰਬੰਧ ਚਲਾਉਣ ਅਤੇ ਸੰਪ੍ਰਦਾਇ ਦੇ ਮੁੱਖ ਸੇਵਾਦਾਰ ਵਜੋਂ ਬਾਬਾ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਨੂੰ ਦਸਤਾਰਬੰਦੀ ਕਰਦਿਆਂ ਅਸਥਾਨ ਦੀ ਸੇਵਾ ਸੰਭਾਲ ਸੌਂਪੀ ਗਈ। ਇਸ ਦੌਰਾਨ ਸੰਪ੍ਰਦਾਇ ਰਾੜਾ ਸਾਹਿਬ ਦੇ ਮੁੱਖ ਬੁਲਾਰੇ ਭਾਈ ਰਣਧੀਰ ਸਿੰਘ ਢੀਂਡਸਾ ਨੇ ਮਹਾਪੁਰਸ਼ਾਂ ਅਤੇ ਧਾਰਮਿਕ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਰੋਸ਼ਨ ਸਿੰਘ ਧਬਲਾਨ, ਬਾਬਾ ਗੁਰਮੁਖ ਸਿੰਘ ਆਲੋਵਾਲ, ਬਾਬਾ ਅਮਰ ਸਿੰਘ ਕਥਾਵਾਚਕ, ਬਾਬਾ ਮੋਹਣ ਸਿੰਘ ਮੁਕੰਦਪੁਰ, ਭਾਈ ਗੁਰਨਾਮ ਸਿੰਘ ਅੜੈਚਾ, ਭਾਈ ਮਲਕੀਤ ਸਿੰਘ ਪਨੇਸਰ, ਭਾਈ ਮਨਿੰਦਰਜੀਤ ਸਿੰਘ ਬਾਵਾ, ਭਾਈ ਭਵਪ੍ਰੀਤ ਸਿੰਘ ਮੁੰਡੀ, ਬੀਬੀ ਗੁਰਨਾਮ ਕੌਰ ਚੰਡੀਗੜ੍ਹ, ਭਾਈ ਬਾਵਾ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਪਰਮਜੀਤ ਸਿੰਘ ਪੰਮਾ ਤੋਂ ਇਲਾਵਾ ਵੱਖ-ਵੱਖ ਗਿਣਤੀ ਵਿਚ ਸੰਤ ਮਹਾਪੁਰਸ਼ਾਂ, ਧਾਰਮਿਕ ਸ਼ਖਸੀਅਤਾਂ ਅਤੇ ਰਾਜਨੀਤਿਕ ਆਗੂਆਂ ਨੇ ਬਾਬਾ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਨੂੰ ਦਸਤਾਰਾਂ ਭੇਟ ਕੀਤੀਆਂ।