ਬਾਰਿਸ਼ ਕਾਰਨ ਦੋਨਾ ਖੇਤਰ ਦੇ ਤਿੰਨ ਤੋਂ ਵੱਧ ਪਿੰਡਾਂ ਦੀ 250 ਏਕੜ ਤੋਂ ਵੱਧ ਫ਼ਸਲ ਪਾਣੀ 'ਚ ਡੁੱਬੀ

ਕਪੂਰਥਲਾ, 3 ਸਤੰਬਰ (ਅਮਰਜੀਤ ਕੋਮਲ)-ਬਾਰਿਸ਼ ਦੇ ਪਾਣੀ ਕਾਰਨ ਕਪੂਰਥਲਾ ਜ਼ਿਲ੍ਹੇ ਦੇ ਦੋਨਾ ਖੇਤਰ ਦੇ ਪਿੰਡ ਸਿੱਧਵਾਂ ਦੋਨਾ, ਮੰਨਣ, ਕੇਸਰਪੁਰ ਆਦਿ ਪਿੰਡਾਂ ਦੀ 250 ਏਕੜ ਤੋਂ ਵੱਧ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਬਾਰਿਸ਼ ਕਾਰਨ ਅਜੇ ਵੀ ਖੇਤਾਂ ਵਿਚ ਤੇਜ਼ੀ ਨਾਲ ਪਾਣੀ ਚੱਲ ਰਿਹਾ ਹੈ। ਇਸੇ ਤਰ੍ਹਾਂ ਸਿੱਧਵਾਂ ਦੋਨਾ ਦੀ ਦੁਸਹਿਰਾ ਗਰਾਊਂਡ ਵਿਚ ਅਜੇ ਵੀ 3 ਤੋਂ 4 ਫੁੱਟ ਪਾਣੀ ਖੜ੍ਹਾ ਹੈ। ਬੀਤੇ ਦਿਨ ਇਥੇ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਰਘੂਨਾਥ ਮੰਦਿਰ ਤੇ ਗੁਰਦੁਆਰਾ ਭਾਈ ਪੰਜਾਬ ਸਿੰਘ ਤੋਂ ਇਲਾਵਾ ਨੇੜਲੇ ਦਰਜਨ ਦੇ ਕਰੀਬ ਘਰਾਂ ਵਿਚ ਦਾਖਲ ਹੋ ਗਿਆ।
ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਬੋਰੇ ਲਗਾ ਕੇ ਪਾਣੀ ਗੁਰਦੁਆਰਾ ਸਾਹਿਬ ਵਿਚ ਅੰਦਰ ਜਾਣ ਤੋਂ ਰੋਕਿਆ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਸਰਕਲ ਪ੍ਰਧਾਨ ਇੰਦਰਜੀਤ ਸਿੰਘ ਮੰਨਣ, ਪਿੰਡ ਮੰਨਣ ਦੇ ਸਰਪੰਚ ਸ਼ੀਤਲ ਸਿੰਘ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਗੁਰਮੇਲ ਸਿੰਘ ਗਿੱਲ, ਅਮਰੀਕ ਸਿੰਘ, ਸੁਖਵਿੰਦਰ ਸਿੰਘ (ਦੋਵੇਂ ਮੈਂਬਰ ਪੰਚਾਇਤ) ਬਲਜਿੰਦਰ ਸਿੰਘ ਬਾਬਾ, ਚਰਨਜੀਤ ਸਿੰਘ, ਜਸਪਾਲ ਸਿੰਘ ਸਿੱਧੂ, ਜੋਗਿੰਦਰ ਸਿੰਘ, ਤੀਰਥ ਸਿੰਘ ਸਿੱਧ, ਹਰਮੇਸ਼ ਗਿੱਲ, ਹਰਮਨ ਸਿੰਘ ਤੇ ਪਰਮਜੀਤ ਸਿੰਘ ਮੰਨਣ ਨੇ ਸਿੱਧਵਾਂ ਦੋਨਾ, ਮੰਨਣ ਤੇ ਹੋਰ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਬਾਰਿਸ਼ ਕਾਰਨ ਇਨ੍ਹਾਂ ਪਿੰਡਾਂ ਦੀ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬਣ ਨਾਲ ਖ਼ਰਾਬ ਹੋ ਗਈ ਹੈ। ਖ਼ਰਾਬ ਹੋਈਆਂ ਫ਼ਸਲਾਂ ਉਤੇ ਸਿੱਧਵਾਂ ਦੋਨਾ ਦੀ ਦੁਸਹਿਰਾ ਗਰਾਊਂਡ ਵਿਚ ਖੜ੍ਹੇ ਪਾਣੀ ਦਾ ਮਾਮਲਾ ਦਲਵਿੰਦਰ ਸਿੰਘ ਸਿੱਧੂ ਨੇ ਫ਼ੋਨ 'ਤੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਧਿਆਨ ਵਿਚ ਲਿਆਂਦਾ, ਜਿਸ 'ਤੇ ਡਿਪਟੀ ਕਮਿਸ਼ਨਰ ਨੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੂੰ ਭਰੋਸਾ ਦਿਵਾਇਆ ਕਿ ਉਹ ਸਵੇਰੇ ਕਿਸੇ ਅਧਿਕਾਰੀ ਨੂੰ ਸਿੱਧਵਾਂ ਦੋਨਾ ਭੇਜਣਗੇ ਜੋ ਹਾਲਾਤ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਉਣਗੇ। ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਵਾਲੇ ਇਨ੍ਹਾਂ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਬਾਰਿਸ਼ ਦੇ ਪਾਣੀ ਨਾਲ ਖ਼ਰਾਬ ਹੋਈ ਫ਼ਸਲ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਥੇ ਵਰਨਣਯੋਗ ਹੈ ਕਿ ਪਿੰਡ ਸਿੱਧਵਾਂ ਦੋਨਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਜੋ ਖੇਤਾਂ ਵਿਚ ਹੈ, ਉਥੇ ਵੀ ਅਜੇ 2 ਤੋਂ 3 ਫੁੱਟ ਤੱਕ ਪਾਣੀ ਖੇਤਾਂ ਵਿਚ ਖੜ੍ਹਾ ਹੈ। ਬਾਰਿਸ਼ ਕਾਰਨ ਪਿੰਡ ਮੰਨਣ ਵਿਚ ਬਹੁਤ ਹੀ ਪੁਰਾਣੀ ਮਸਜਿਦ ਡਿੱਗੀ ਤੇ ਕੁਝ ਗਰੀਬ ਲੋਕਾਂ ਦੇ ਮਕਾਨਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ।