ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਜ਼ੁਰਗਾਂ ਤੇ ਬੱਚਿਆਂ ਨੂੰ ਘੱਗਰ ਦਰਿਆ ਨੇੜੇ ਨਾ ਜਾਣ ਦੀ ਸਲਾਹ
ਸੰਗਰੂਰ, 3 ਸਤੰਬਰ-ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਘੱਗਰ ਦਰਿਆ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਪਿੰਡ ਬਨਾਰਸੀ, ਬਾਓਪਰ, ਨਵਾਗਾਓਂ, ਜਸਵੰਤਪੁਰਾ ਉਰਫ ਹੋਤੀਪੁਰ, ਅੰਨਦਾਨਾ, ਸ਼ਾਹਪੁਰਥੇੜੀ, ਚਾਦੂੰ, ਮੰਡਵੀ, ਬੰਗਾਂ, ਖਨੌਰੀ ਕਲਾਂ, ਹਮੀਰਗੜ੍ਹ, ਸੁਰਜਨਭੈਣੀ, ਭੂੰਦੜਭੈਣੀ, ਸਲੇਮਗੜ੍ਹ, ਮਕਰੌੜ ਸਾਹਿਬ, ਫੂਲਦ, ਗਨੌਟਾ, ਘਮੂਰਘਾਟ, ਰਾਮਪੁਰਾ ਗੁਜਰਾਂ, ਹਾਂਡਾ, ਕੁਦਨੀ, ਵਜੀਦਪੁਰ, ਕਬੀਰਪੁਰ, ਕੜੈਲ, ਬੁਸਹਿਰਾ, ਮੂਨਕ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਬਜ਼ੁਰਗ ਅਤੇ ਬੱਚੇ ਦਰਿਆ ਦੇ ਨੇੜੇ ਨਾ ਜਾਣ ਅਤੇ ਨਾ ਹੀ ਆਪਣੇ ਪਸ਼ੂਆਂ ਨੂੰ ਦਰਿਆ ਨੇੜੇ ਲੈ ਕੇ ਜਾਣ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਲਾਹਕਾਰੀ ਜਾਰੀ ਕਰਦੇ ਹੋਏ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਉੱਤੇ ਯਕੀਨ ਨਾ ਕਰਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਸਹਿਯੋਗ ਕਰਨ। ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ 24 ਘੰਟੇ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਦਰਿਆ ਵਿਚ ਇਸ ਵੇਲੇ ਪਾਣੀ ਦਾ ਪੱਧਰ 748.7 ਫੁੱਟ ਹੈ, ਜੋ ਕਿ ਖਤਰੇ ਦੇ ਨਿਸ਼ਾਨ 748 ਫੁੱਟ ਤੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸਾਲ 2023 ਵਿਚ ਘੱਗਰ ਦਰਿਆ ਵਿਚ 753 ਫੁੱਟ ਉੱਤੇ ਪਾੜ ਪਏ ਸਨ।
ਦਰਿਆ ਦੇ ਆਲੇ-ਦੁਆਲੇ ਦੇ ਖੇਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, 15 ਸੰਵੇਦਨਸ਼ੀਲ ਥਾਵਾਂ, ਜਿਥੇ 2023 ਵਿਚ ਪਾੜ ਪਿਆ ਸੀ ਅਤੇ ਦਰਿਆ ਨਾਲ ਲੱਗਦੇ ਹੋਰ ਸਥਾਨਾਂ ਦੀ ਪਛਾਣ ਕੀਤੀ ਗਈ ਹੈ, ਜਿਥੇ ਜੰਬੋ ਬੈਗਾਂ ਸਮੇਤ ਰੇਤ ਦੀਆਂ ਬੋਰੀਆਂ ਨਾਲ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਠੀਕਰੀ ਪਹਿਰੇ ਵੀ ਸ਼ੁਰੂ ਕੀਤੇ ਹੋਏ ਹਨ।
ਡਰੇਨੇਜ ਵਿਭਾਗ, ਮਾਲ ਵਿਭਾਗ, ਮੰਡੀ ਬੋਰਡ ਅਤੇ ਪੰਚਾਇਤ ਵਿਭਾਗ ਦੇ ਕਰਮਚਾਰੀਆਂ, ਸਥਾਨਕ ਪਿੰਡ ਵਾਸੀਆਂ ਸਮੇਤ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਲਗਾਤਾਰ ਇਨ੍ਹਾਂ ਸੰਵੇਦਨਸ਼ੀਲ ਥਾਵਾਂ ਦੀ ਨਿਗਰਾਨੀ ਕਰ ਰਹੀਆਂ ਹਨ। ਇਸ ਤੋਂ ਇਲਾਵਾ ਰਾਤ ਦੇ ਸਮੇਂ ਦਰਿਆ ਦੇ ਕੰਢਿਆਂ 'ਤੇ ਪੁਲਿਸ ਗਸ਼ਤ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਡਰੇਨੇਜ ਵਿਭਾਗ ਨਾਲ 87250-29785 'ਤੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ 01672-234196 'ਤੇ ਜਾਂ ਮੂਨਕ ਕੰਟਰੋਲ ਰੂਮ ਨਾਲ 97802-95132 'ਤੇ ਸੰਪਰਕ ਕੀਤਾ ਜਾ ਸਕਦਾ ਹੈ।